
ਬਰਨਾਲਾ — ਰਾਜੀਵ ਗੋਇਲ ਹੈਪੀ ਪੰਜਾਬੀ ਸਾਹਿਤ ਨੂੰ ਸਮੇਂ-ਸਮੇਂ ‘ਤੇ ਨਵੀਆਂ ਦਿਸ਼ਾਵਾਂ ਦੇਣ ਵਾਲੇ ਰਚਨਾਕਾਰਾਂ ਦੀ ਲੜੀ ਵਿੱਚ ਹੁਣ ਉਭਰਦੀ ਕਵਿੱਤਰੀ ਪ੍ਰੋ. ਸਵਰਨਜੀਤ ਕੌਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੇ ਪਲੇਠੇ ਕਾਵਿ ਸੰਗ੍ਰਹਿ ‘ਫੁੱਲਾਂ ਤੋਂ ਹੌਲਾ’ ਦਾ ਲੋਕ ਅਰਪਣ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਕੀਤਾ ਗਿਆ।ਇਸ ਪੁਸਤਕ ਨੂੰ ਪ੍ਰਸਿੱਧ ਸਮਾਜਸੇਵੀ, ਸਟੇਟ ਐਵਾਰਡ ਜੇਤੂ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਚੇਅਰਮੈਨ ਭੋਲਾ ਸਿੰਘ ਵਿਰਕ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਇਹ ਸਵਰਨਜੀਤ ਕੌਰ ਦੀ ਪਹਿਲੀ ਪੁਸਤਕ ਹੈ, ਪਰ ਉਨ੍ਹਾਂ ਦੀ ਕਵਿਤਾ ਵਿੱਚ ਇੱਕ ਪੱਕੇ ਅਤੇ ਸੰਵੇਦਨਸ਼ੀਲ ਰਚਨਾਕਾਰ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ।ਉਨ੍ਹਾਂ ਕਿਹਾ ਕਿ ਸਵਰਨਜੀਤ ਕੌਰ ਨਾ ਸਿਰਫ਼ ਇੱਕ ਯੋਗ ਅਧਿਆਪਕਾ ਹਨ, ਸਗੋਂ ਇੱਕ ਸੁਲਝੀ ਹੋਈ ਕਵਿੱਤਰੀ ਵੀ ਹਨ, ਜਿਨ੍ਹਾਂ ਦੀ ਰਚਨਾ ਜ਼ਿੰਦਗੀ ਦੇ ਯਥਾਰਥ ਦੇ ਬਹੁਤ ਨੇੜੇ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਸਮਾਜਕ ਚੇਤਨਾ, ਸੰਵੇਦਨਾ ਅਤੇ ਵਿਚਾਰਾਂ ਦੀ ਗਹਿਰਾਈ ਮਹਿਸੂਸ ਹੁੰਦੀ ਹੈ।ਸਮਾਗਮ ਦੌਰਾਨ ਡਾ. ਸਰਬਜੀਤ ਸਿੰਘ ਕੁਲਾਰ, ਪ੍ਰੋ. ਮਿੱਠੂ ਪਾਠਕ ਅਤੇ ਪ੍ਰੋ. ਅਮਨਦੀਪ ਕੌਰ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਰਹੇ। ਸਮਾਗਮ ਦੌਰਾਨ ਸਾਹਿਤਕ ਚਰਚਾ ਅਤੇ ਕਵਿਤਾ ਦੇ ਵੱਖ-ਵੱਖ ਪੱਖਾਂ ‘ਤੇ ਵੀ ਵਿਚਾਰ ਸਾਂਝੇ ਕੀਤੇ ਗਏ।ਪੰਜਾਬੀ ਸਾਹਿਤਕ ਵਰਗਾਂ ਵਿੱਚ ‘ਫੁੱਲਾਂ ਤੋਂ ਹੌਲਾ’ ਨੂੰ ਇੱਕ ਉਮੀਦਭਰੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸਾਹਿਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੀ ਸਮਰੱਥਾ ਰੱਖਦੀ ਹੈ।
error: Content is protected !!