
ਬਰਨਾਲਾ। ਰਾਜੀਵ ਗੋਇਲ ਹੈਪੀ ਦੇਸ਼ ਦੇ ਵੱਖ-ਵੱਖ ਰਾਜਾਂ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਦੀ ਖੁਸ਼ੀ ਵਿੱਚ ਬਰਨਾਲਾ ਵਿਖੇ ਭਾਜਪਾ ਵੱਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਅਤੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਜਨਰਲ ਸਕੱਤਰ ਨਰਿੰਦਰ ਗਰਗ ਨੀਟਾ, ਪ੍ਰਧਾਨ ਐਸ ਸੀ ਮੋਰਚਾ ਧਰਮ ਸਿੰਘ ਫੌਜੀ, ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਰਹੇ।ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਜਿੱਤ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ’ਤੇ ਲੋਕਾਂ ਦੇ ਭਰੋਸੇ ਦੀ ਮੋਹਰ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਾਫ਼ ਦਰਸਾਉਂਦੇ ਹਨ ਕਿ ਦੇਸ਼ ਦੀ ਜਨਤਾ ਵਿਕਾਸ, ਸੁਸ਼ਾਸਨ ਅਤੇ ਸਥਿਰ ਸਰਕਾਰ ਨੂੰ ਤਰਜੀਹ ਦੇ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਰਾਜਾਂ ਵਿੱਚ ਭਾਜਪਾ ਸਰਕਾਰ ਹੈ, ਉਥੇ ਖ਼ੂਬ ਤਰੱਕੀ ਹੋ ਰਹੀ ਹੈ। ਕਿਉਂਕਿ ਭਾਜਪਾ ਦੀ ਵਿਕਾਸ ਵਾਲੀ ਨੀਤੀ ਉਹਨਾਂ ਰਾਜਾਂ ਨੂੰ ਯੋਗ ਅਗਵਾਈ ਦੇ ਰਹੀ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਪੱਛਮੀ ਬੰਗਾਲ ਅਤੇ ਆਸਾਮ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਸਾਡਾ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਨਸ਼ੇ, ਗੈਂਗਸਟਰਾਂ, ਕ੍ਰਾਈਮ, ਆਰਥਿਕ ਸੰਕਟ, ਵਰਗੀਆਂ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਸਭ ਦੇ ਖ਼ਾਤਮੇ ਦਾ ਇੱਕੋ ਇੱਕ ਹੱਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਉਹਨਾਂ ਕਿਹਾ ਕਿ 2027 ਚੋਣਾਂ ਲਈ ਭਾਜਪਾ ਪੂਰੇ ਦਮ ਖ਼ਮ ਨਾਲ ਅੱਗੇ ਆਵੇਗੀ ਅਤੇ ਸਰਕਾਰ ਬਣਾਵੇਗੀ। ਪ੍ਰੋਗਰਾਮ ਦੌਰਾਨ ਭਾਜਪਾ ਵਰਕਰਾਂ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਜਿੱਤ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
error: Content is protected !!