ਪੰਜਾਬ ਦੀ ਨਵੀਂ ਸ਼ਰਾਬ ਨੀਤੀ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਕਰ ਦਿੱਤਾ ਪਰੇਸ਼ਾਨ
Chandigarh News: ਪੰਜਾਬ ਦੀ ਸ਼ਰਾਬ ਨੀਤੀ ਚੰਡੀਗੜ੍ਹ ਨੂੰ ਲਗਾਤਾਰ ਭਾਰੀ ਪੈ ਰਹੀ ਹੈ। ਪਹਿਲੀ ਵਾਰ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇਦਾਰ ਕੋਈ ਰੁਚੀ ਨਹੀਂ ਵਿਖਾ ਰਹੇ। ਸੋਮਵਾਰ ਨੂੰ ਸ਼ਹਿਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਤੀਜੀ ਵਾਰ ਹੋਈ ਨਿਲਾਮੀ ਵਿੱਚ ਵੀ ਚੰਡੀਗੜ੍ਹ ਨੂੰ ਸ਼ਰਾਬ ਦੇ ਠੇਕੇਦਾਰ ਨਹੀਂ ਮਿਲੇ। ਇਸ ਨਿਲਾਮੀ ਵਿੱਚ 41 ਠੇਕਿਆਂ ਵਿੱਚੋਂ ਸਿਰਫ਼ ਪੰਜ ਠੇਕੇ ਹੀ ਨਿਲਾਮ ਹੋ ਸਕੇ ਹਨ।
ਹਾਸਲ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ 15 ਮਾਰਚ ਨੂੰ ਸ਼ਹਿਰ ਦੇ ਕੁੱਲ 95 ਠੇਕਿਆਂ ਵਿੱਚੋਂ ਸਿਰਫ਼ 43 ਠੇਕੇ ਹੀ ਨਿਲਾਮ ਹੋ ਸਕੇ ਸਨ। ਉਸ ਤੋਂ ਬਾਅਦ 21 ਮਾਰਚ ਨੂੰ 52 ਠੇਕਿਆਂ ਵਿੱਚੋਂ ਸਿਰਫ਼ 11 ਠੇਕੇ ਨਿਲਾਮ ਹੋਏ ਸਨ। ਯੂਟੀ ਪ੍ਰਸ਼ਾਸਨ ਵੱਲੋਂ ਬਾਕੀ ਰਹਿੰਦੇ 36 ਠੇਕਿਆਂ ਦੀ ਨਿਲਾਮੀ ਹੁਣ 31 ਮਾਰਚ ਨੂੰ ਰੱਖੀ ਗਈ ਹੈ। ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ ’ਚ 6 ਤੋਂ 10 ਫ਼ੀਸਦ ਦੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਵਿੱਤੀ ਵਰ੍ਹੇ 2023-24 ਵਿੱਚ ਆਬਕਾਰੀ ਤੋਂ 830 ਕਰੋੜ ਰੁਪਏ ਕਮਾਉਣ ਦਾ ਟੀਚਾ ਮਿੱਥਿਆ ਹੈ ਜਦੋਂ ਕਿ ਵਿਭਾਗ ਨੇ 15 ਮਾਰਚ ਨੂੰ 95 ਵਿੱਚੋਂ 43 ਠੇਕੇ ਨਿਲਾਮ ਕਰ ਕੇ 202 ਕਰੋੜ ਰੁਪਏ ਰਾਖਵੀਂ ਕੀਮਤ ਦੇ ਬਦਲੇ 221.59 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਸੀ। ਉਸ ਤੋਂ ਬਾਅਦ 21 ਮਾਰਚ ਨੂੰ 52 ਵਿੱਚੋਂ ਸਿਰਫ਼ 11 ਠੇਕੇ ਨਿਲਾਮ ਕਰ ਕੇ 51.27 ਕਰੋੜ ਰੁਪਏ ਰਾਖਵੀਂ ਕੀਮਤ ਬਦਲੇ 54.85 ਕਰੋੜ ਰੁਪਏ ਇਕੱਠੇ ਕੀਤੇ ਸਨ।
ਇਸ ਤਰ੍ਹਾਂ ਕਰ ਤੇ ਆਬਕਾਰੀ ਵਿਭਾਗ ਨੇ ਦੋ ਵਾਰ ਵਿੱਚ ਸ਼ਹਿਰ ਦੇ 54 ਠੇਕੇ ਨਿਲਾਮ ਕਰ ਕੇ 276 ਕਰੋੜ ਰੁਪਏ ਮਾਲੀਆ ਇਕੱਠਾ ਕੀਤਾ ਹੈ। ਉਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ 41 ਸ਼ਰਾਬ ਠੇਕਿਆਂ ਦੀ ਤੀਜੀ ਵਾਰ ਹੋਈ ਨਿਲਾਮੀ ਵਿੱਚ ਰਾਖਵੀਂ ਕੀਮਤ ਵਿੱਚ 3 ਤੋਂ 5 ਫ਼ੀਸਦ ਦੀ ਕਟੌਤੀ ਕੀਤੀ ਸੀ।