Punjab

ਲੁਧਿਆਣਾ ‘ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ

Spread the News

ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋਂ-ਦਿਨ ਵਿਗੜਦੀ ਨਜ਼ਰ ਆ ਰਹੀ ਹੈ। ਆਏ ਦਿਨ ਪੰਜਾਬ ‘ਚ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈਹਾਲ ਹੀ ‘ਚ ਹੁਣ ਇਸੇ ਨਾਲ ਜੁੜਿਆ ਨਵਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਸੇਵਾਮੁਕਤ ਪੁਲਿਸ ਏਐਸਆਈ, ਉਸਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਐਤਵਾਰ ਦੇਰ ਰਾਤ ਕੋਠੀ ਵਿੱਚੋਂ ਮਿਲੀਆਂ ਹਨ। ਮ੍ਰਿਤਕਾਂ ‘ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਰਾਤ 7 ਵਜੇ ਤੋਂ ਬਾਅਦ ਵਾਪਰੀ ਹੈ। ਫਿਲਹਾਲ ਪੁਲਿਸ ਵੱਲੋ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਜਲਦ ਹੀ ਕਾਤਲਾਂ ਨੂੰ ਫੜ ਲਵਾਂਗੇ।

 

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸ਼ਨੀਵਾਰ ਸ਼ਾਮ 7 ਵਜੇ ਇਹ ਸਾਰੇ ਆਪਣੀ ਬੇਟੀ ਸਮਨ ਨਾਲ ਫੋਨ ‘ਤੇ ਗੱਲਬਾਤ ਕਰ ਰਹੇ ਸਨ। ਅਗਲੇ ਦਿਨ ਜਦੋਂ ਬੇਟੀ ਨੇ ਦੁਬਾਰਾ ਆਪਣੇ ਮਾਪਿਆਂ ਨੂੰ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਫ਼ੋਨ ਨਾ ਚੁੱਕਣ ‘ਤੇ ਸਮਨ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ। ਦੱਸ ਦਈਏ ਇਸ ਤੋਂ ਬਾਅਦ ਪਿੰਡ ਦਾ ਸਰਪੰਚ ਪੀਸੀਆਰ ਦਸਤੇ ਨਾਲ ਮੌਕੇ ’ਤੇ ਪਹੂੰਚਿਆ ਅਤੇ ਕੋਠੀ ਦਾ ਤਾਲਾ ਤੁੜਵਾ ਦਿੱਤਾ ਅਤੇ ਤਿੰਨਾਂ ਦੀਆਂ ਲਾਸ਼ਾ ਅੰਦਰ ਪਇਆ ਵੇਖ ਉਹ ਘਬਰਾ ਗਿਆ। ਦੱਸ ਦਈਏ ਕਿ ਸੇਵਾਮੁਕਤ ਏਐਸਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਸੀ। ਜਦੋਂ ਕਿ ਬੇਟੇ ਅਤੇ ਮਾਂ ਦੀਆਂ ਲਾਸ਼ਾਂ ਕਮਰੇ ‘ਚ ਬੈੱਡ ‘ਤੇ ਪਈਆਂ ਸਨ।

 

ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (65), ਉਸ ਦੀ ਪਤਨੀ ਪਰਮਜੀਤ ਕੌਰ (61) ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਗਰੇਵਾਲ (32) ਵਜੋਂ ਹੋਈ ਹੈ। ਕੁਲਦੀਪ ਸਿੰਘ 2019 ਵਿੱਚ ਸੇਵਾਮੁਕਤ ਹੋਏ। ਕੁਲਦੀਪ ਸਿੰਘ ਮਹਿਲਾ ਸੈੱਲ ਵਿੱਚ ਤਾਇਨਾਤ ਸਨ। ਗੁਰਵਿੰਦਰ ਸਿੰਘ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਪਾਲੀ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡ ਪਾਇਲ ਨੇੜੇ ਸਹੁਰੇ ਘਰ ਛੱਡ ਗਿਆ ਸੀ।

 

ਪੁਲਿਸ ਦਾ ਕੀ ਕਹਿਣਾ ਹੈ?

 

ਇਸ ਪੂਰੇ ਮਾਮਲੇ ਬਾਰੇ ਬਿਆਨ ਦਿੰਦੇ ਹੋਏ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੁਲਦੀਪ ਸਿੰਘ ਦੇ ਘਰ ਵਾਟਰ ਸਪਲਾਈ ਆਦਿ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਲੇਬਰ ਲੱਗੀ ਹੋਈ ਸੀ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਜ਼ਦੂਰ ਕਿਸ ਸਮੇਂ ਘਰ ਆਇਆ ਸੀ ਅਤੇ ਕਿਸ ਸਮੇਂ ਚਲਾ ਗਿਆ ਸੀ। ਉੱਥੇ ਹੀ, ਘਰ ਦੇ ਕੋਲ ਇੱਕ ਪੌੜੀ ਵੀ ਮਿਲੀ ਹੈ। ਸ਼ੱਕ ਹੈ ਕਿ ਹਮਲਾਵਰ ਇਸ ਪੌੜੀ ਰਾਹੀਂ ਅੰਦਰ ਦਾਖ਼ਲ ਹੋਏ ਸਨ।