ਗੁਰਦੁਆਰਾ ਡੇਰਾ ਹਾਰਨਾਮਸਰ ਜ਼ੀਰਾ ਵਿਖੇ ਵੱਲੋਂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ
ਫਾਜ਼ਿਲਕਾ 25 ਫਰਵਰੀ (ਡੀਡੀ ਨਿਊਜ਼ਪੇਪਰ ) : ਗੁਰਦੁਆਰਾ ਡੇਰਾ ਹਾਰਨਾਮਸਰ ਜ਼ੀਰਾ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਅਪਾਰ ਸਿੰਘ ਜੀਰੇ ਵਾਲੇ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਭਾਈ ਅਪਾਰ ਸਿੰਘ ਜੀਰੇ ਵਾਲੇ ਨੇ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਗਤ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਬਾਣੀ ਅਕਾਲ ਪੁਰਖ ਦੀ ਭਗਤੀ ਦੀ ਪ੍ਰੇਰਣਾ ਦੇਣ ਦੇ ਨਾਲ-ਨਾਲ ਸਰਬ-ਸਾਂਝੀਵਾਲਤਾ ਦੀ ਗੱਲ ਕਰਦੀ ਹੈ। ਉਨ੍ਹਾਂ ਸੰਗਤ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਸਮਾਜ ਦੀ ਖੁਸ਼ਹਾਲੀ ਲਈ ਜੋ ਰਸਤਾ ਦਿਖਾਇਆ, ਉਸ ’ਤੇ ਚੱਲ ਕੇ ਅਸੀਂ ਆਪਣਾ ਜੀਵਨ ਅਨੰਦਮਈ ਬਣਾ ਸਕਦੇ ਹਾਂ। ਇਸ ਮੌਕੇ ਸੰਤ ਬਾਬਾ ਹਰਿ ਸਿੰਘ ਜੀ ਨੇ ਕਥਾ ਕਰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਆਪਣਾ ਜੀਵਨ ਸਮਾਜ ਨੂੰ ਇਕਜੁਟ ਰੱਖਣ ਤੇ ਸਮਾਜ ਤੋਂ ਜਾਤੀਵਾਦ ਤੇ ਛੂਤ-ਛਾਤ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਮਰਪਿਤ ਕਰ ਦਿੱਤਾ। ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਾਨੂੰ ਅੱਜ ਵੀ ਜਾਤੀ, ਰੰਗ, ਪੰਥ ਜਾ ਧਰਮ ਦੇ ਵਿਤਕਰੇ ਤੋਂ ਉਪਰ ਉਠ ਕੇ ਪਿਆਰ ਤੇ ਸਨਮਾਨ ਕਰਨ ਲਈ ਪ੍ਰਰਿਤ ਕਰਦੀਆਂ ਹਨ। ਇਸ ਮੌਕੇ ਭਾਈ ਗੁਰਮੁਖ ਸਿੰਘ ਜੀ, ਬਾਬਾ ਤਾਰ ਸਿੰਘ ਜੀ, ਭਾਈ ਜਸਪਾਲ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ ਮਨੀ, ਭਾਈ ਬਲਵੀਰ ਸਿੰਘ ਸਰਸਾ, ਬਾਬਾ ਰਾਜ ਸਿੰਘ ਜੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ।