Parliament Session : ਰਾਹੁਲ ਗਾਂਧੀ ਤੋਂ ਮਾਫ਼ੀ ਦੀ ਮੰਗ ਨੂੰ ਲੈ ਕੇ ਸੰਸਦ ’ਚ ਘਮਾਸਾਨ, ਕਾਰਵਾਈ ਮੁਲਤਵੀ
ਨਵੀਂ ਦਿੱਲੀ : ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਵੀ ਪਹਿਲਾਂ ਵਾਂਗ ਹੀ ਨਜ਼ਰ ਆ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਆਪੋ-ਆਪਣੀਆਂ ਮੰਗਾਂ ਨੂੰ ਲੈ ਕੇ ਸੰਸਦ ਦੀ ਕਾਰਵਾਈ ਨਹੀਂ ਚੱਲਣ ਦੇ ਰਹੀ। ਇਸ ਦੌਰਾਨ ਅੱਜ ਇਕ ਵਾਰ ਫਿਰ ਸੰਸਦ ਦੀ ਕਾਰਵਾਈ ’ਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨੇ ਰਾਹੁਲ ਵਿਰੁੱਧ ਆਪਣੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੈਦਾਨ ’ਚ ਉਤਾਰ ਦਿੱਤਾ ਹੈ।
ਅੱਜ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਜੋ ਵੀ ਕਹਿੰਦੇ ਹਨ, ਉਹ ਸਭ ਝੂਠ ਹੈ। ਪੁਰੀ ਨੇ ਕਿਹਾ ਕਿ ਰਾਹੁਲ ਨੇ ਵਿਦੇਸ਼ ਜਾ ਕੇ ਭਾਰਤ ਦੇ ਅਕਸ ਨੂੰ ਖ਼ਰਾਬ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਭਾਰਤੀ ਲੋਕਤੰਤਰ ਅਤੇ ਪ੍ਰੈੱਸ ’ਤੇ ਸਵਾਲ ਨਹੀਂ ਚੁੱਕ ਸਕਦਾ।
ਭਾਰਤੀ ਮੀਡੀਆ ’ਤੇ ਰਾਹੁਲ ਦੇ ਬਿਆਨ ’ਤੇ ਹਮਲਾਵਰ ਹੈ ਅਤੇ ਉਸ ਦੀ ਮਾਫ਼ੀ ’ਤੇ ਅੜੀ ਹੋਈ ਹੈ। ਹਾਲਾਂਕਿ ਅਮਿਤ ਸ਼ਾਹ ਨੇ ਡੈੱਡਲਾਕ ਨੂੰ ਖਤਮ ਕਰਨ ਲਈ ਸਪੀਕਰ ਨਾਲ ਗੱਲ ਕੀਤੀ ਹੈ, ਪਰ ਫਿਲਹਾਲ ਅਜਿਹਾ ਸੰਭਵ ਨਹੀਂ ਜਾਪਦਾ।
ਵਿਰੋਧੀ ਧਿਰ ਦੇ ਨੇਤਾਵਾਂ ਨੇ ਅੱਜ ਸੰਸਦ ਵਿਚ ਭਾਜਪਾ ਨੂੰ ਘੇਰਨ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਕ ਪਾਸੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਰਾਹੁਲ ਦੇ ਹੱਕ ਵਿਚ ਇੱਕਜੁੱਟ ਨਜ਼ਰ ਆ ਰਹੇ ਹਨ, ਉੱਥੇ ਹੀ ਸਾਰੀਆਂ ਵਿਰੋਧੀ ਪਾਰਟੀਆਂ ਅਡਾਨੀ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਕਰ ਰਹੀਆਂ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਜੇਪੀਸੀ ਹੀ ਸਥਿਤੀ ਸਾਫ ਕਰ ਸਕਦੀ ਹੈ।