ਆਈਐੱਨਸੀਬੀ ਦੀ ਰਿਪੋਰਟ ‘ਚ ਦਾਅਵਾ ਪਿਛਲੇ ਪੰਜ ਸਾਲ ‘ਚ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਵਧੀ ਬਰਾਮਦਗੀ, ਸਪਲਾਈ ਲਈ ਸਮੁੰਦਰੀ ਮਾਰਗ ਦਾ ਹੁੰਦੈ ਇਸਤੇਮਾਲ
ਸੰਯੁਕਤ ਰਾਸ਼ਟਰ : ਪਿਛਲੇ ਪੰਜ ਸਾਲ ਵਿਚ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਨਾਰਕੋਟਿਕਸ ਵਾਚਡਾਗ ਮੁਤਾਬਕ, ਡਾਰਕਨੈੱਟ ਅਤੇ ਸਮੁੰਦਰੀ ਮਾਰਗ ਤਸਕਰਾਂ ਦੀ ਪਸੰਦ ਬਣ ਚੁੱਕੇ ਹਨ। ਇੱਥੇ ਸੌਖਿਆਂ ਤਸਕਰ ਨਸ਼ੀਲੇ ਪਦਾਰਥ ਸਪਲਾਈ ਕਰਦੇ ਹਨ।
ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ (ਆਈਐੱਨਸੀਬੀ) ਨੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ। ਇਸ ਵਿਚ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਦੇ ਨਾਜਾਇਜ਼ ਨਿਰਮਾਣ ਨਾਲ ਨਜਿੱਠਣ ਲਈ ਭਾਰਤ ਵੱਲੋਂ ਸਖ਼ਤ ਨਿਯਮਾਂ ਦਾ ਵੀ ਜ਼ਿਕਰ ਕੀਤਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। 2017 ਵਿਚ ਜਿੱਥੇ 2,146 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ ਉੱਥੇ 2021 ਵਿਚ 7,282 ਕਿਲੋ ਪਦਾਰਥ ਜ਼ਬਤ ਕੀਤੇ ਗਏ। ਅਫੀਮ ਦੀ ਜ਼ਬਤੀ ਵਿਚ ਵੀ 70 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। 2017 ਵਿਚ 2,551 ਕਿਲੋਗ੍ਰਾਮ ਜ਼ਬਤ ਕੀਤੀ ਗਈ ਸੀ, ਜੋ 2021 ਵਿਚ ਵੱਧ ਕੇ 4,386 ਕਿਲੋ ਹੋ ਗਈ। ਭੰਗ ਦੀ ਬਰਾਮਦਗੀ ਵਿਚ 90 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। 2017 ਵਿਚ 3,52,539 ਕਿਲੋ ਭੰਗ ਜ਼ਬਤ ਕੀਤੀ ਗਈ ਸੀ ਜੋ 2021 ਵਿਚ ਵੱਧ ਕੇ 6,75,631 ਹੋ ਗਈ ਹੈ। 2021 ਵਿਚ ਕੋਕੀਨ ਦੀ ਬਰਾਮਦਗੀ 364 ਕਿਲੋ ਸੀ। ਪਿਛਲੇ ਤਿੰਨ ਸਾਲਾਂ ਵਿਚ ਇਸ ਤਰ੍ਹਾਂ ਦੀ ਬਰਾਮਦਗੀ ਦੀ ਔਸਤ ਲਗਪਗ 40 ਕਿਲੋਗ੍ਰਾਮ ਸੀ। 2021 ਵਿਚ ਇਕ ਕੰਟੇਨਰ ਵਿਚ ਪਾਏ ਗਏ 300 ਕਿਲੋਗ੍ਰਾਮ ਕੋਕੀਨ ਨਾਲ ਬਰਾਮਦਗੀ ਦਾ ਪੱਧਰ ਵੱਧ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਬੰਦਰਗਾਹ ਦੇ ਅਧਿਕਾਰੀਆਂ ਨੇ ਸ਼ਿਪਿੰਗ ਕੰਟੇਨਰਾਂ ਵਿਚ ਵੱਡੀ ਮਾਤਰਾ ਵਿਚ ਹੈਰੋਇਨ ਦੀ ਜ਼ਬਤੀ ਦੀ ਸੂਚਨਾ ਦਿੱਤੀ ਹੈ। ਸਤੰਬਰ 2021 ਵਿਚ ਗੁਜਰਾਤ ਵਿਚ ਲਗਪਗ ਤਿੰਨ ਟਨ ਹੈਰੋਇਨ ਜ਼ਬਤ ਹੋਈ। ਇਸ ਤੋਂ ਪਤਾ ਲੱਗਦਾ ਹੈ ਕਿ ਦੱਖਣੀ ਮਾਰਗ ਅਤੇ ਇਸ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਵਿਸਥਾਰ ਹੋਇਆ ਹੈ।