Breaking NEWSInternational

ਦੁਬਈ-ਮੁੰਬਈ ਉਡਾਣ ’ਚ ਸ਼ਰਾਬ ਪੀ ਕੇ ਮਾੜਾ ਵਿਹਾਰ ਕਰਨ ਦੇ ਦੋਸ਼ ’ਚ ਦੋ ਗ੍ਰਿਫ਼ਤਾਰ

Spread the News

ਮੁੰਬਈ : ਮੁੰਬਈ ਇੰਡੀਗੋ ਜਹਾਜ਼ ’ਚ ਸਵਾਰ ਦੋ ਮੁਸਾਫ਼ਰਾਂ ਨੂੰ ਨਸ਼ੇ ਦੀ ਹਾਲਤ ’ਚ ਚਾਲਕ ਦਲ ਤੇ ਸਹਿ-ਯਾਤਰੀਆਂ ਨੂੰ ਅਪਸ਼ਬਦ ਕਹਿਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਜਹਾਜ਼ ਦੇ ਮੁੰਬਈ ’ਚ ਲੈਂਡ ਕਰਨ ਤੋਂ ਬਾਅਦ ਦੋਵਾਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਇੱਥੇ ਉਨ੍ਹਾਂ ਨੂੰ ਇਕ ਅਦਾਲਤ ’ਚੋਂ ਮਾਮਲੇ ’ਚ ਜ਼ਮਾਨਤ ਮਿਲ ਗਈ।

ਇੰਡੀਗੋ ਨੇ ਇਕ ਬਿਆਨ ’ਚ ਕਿਹਾ ਕਿ ਦੁਬਈ ਤੋਂ ਮੁੰਬਈ ਆ ਰਹੀ ਉਡਾਣ ਨੰਬਰ 6ਈ 1088 ’ਚ ਦੋ ਮੁਸਾਫ਼ਰਾਂ ਨੂੰ ਨਸ਼ੇ ਦੀ ਹਾਲਤ ’ਚ ਦੇਖਿਆ ਗਿਆ ਤੇ ਉਨ੍ਹਾਂ ਨੇ ਚਾਲਕ ਦਲ ਦੇ ਮੈਂਬਰਾਂ ਵੱਲੋਂ ਕਈ ਵਾਰ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਸ਼ਰਾਬ ਪੀਣੀ ਜਾਰੀ ਰੱਖੀ। ਉਨ੍ਹਾਂ ਨੂੰ ਮਾੜਾ ਵਿਹਾਰ ਕਰਨ ’ਤੇ ਸੀਆਈਐੱਸਐੱਫ (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਹਵਾਲੇ ਕਰ ਦਿੱਤਾ ਗਿਆ। ਘਟਨਾ ਪਿੱਛੋਂ ਇਸ ਸਬੰਧੀ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ। ਅਸੀਂ ਬਾਕੀ ਮੁਸਾਫ਼ਰਾਂ ਨੂੰ ਹੋਈ ਅਸੁਵਿਧਾ ਲਈ ਮਾਫ਼ੀ ਮੰਗਦੇ ਹਾਂ। ਪੁਲਿਸ ਮੁਤਾਬਕ, ਦੋਵੇਂ ਮੁਲਜ਼ਮ ਕੋਲਹਾਪੁਰ ਤੇ ਪਾਲਘਰ ਦੇ ਨਾਲਾਸੋਪਾਰਾ ਦੇ ਰਹਿਣ ਵਾਲੇ ਹਨ। ਉਹ ਖਾੜੀ ਦੇਸ਼ ’ਚ ਇਕ ਸਾਲ ਕੰਮ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਦੇਸ਼ ਪਰਤਣ ਦੀ ਖ਼ੁਸ਼ੀ ’ਚ ਸ਼ਰਾਬ ਪੀ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਬਾਕੀ ਮੁਸਾਫ਼ਰਾਂ ਨੇ ਉਨ੍ਹਾਂ ਦੇ ਹੰਗਾਮਾ ਕਰਨ ’ਤੇ ਇਤਰਾਜ਼ ਪ੍ਰਗਟਾਇਆ ਤਾਂ ਉਨ੍ਹਾਂ ਨੇ ਮੁਸਾਫ਼ਰਾਂ ਤੇ ਬਚਾਅ ਕਰਨ ਵਾਲੇ ਚਾਲਕ ਦਲ ਦੇ ਮੈਂਬਰਾਂ ਨੂੰ ਅਪਸ਼ਬਦ ਕਹੇ। ਸਹਾਰ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 336 (ਬਾਕੀ ਲੋਕਾਂ ਦਾ ਜੀਵਨ ਤੇ ਸੁਰੱਖਿਆ ਖ਼ਤਰੇ ’ਚ ਪਾਉਣਾ) ਤੇ ਹਵਾਬਾਜ਼ੀ ਨਿਯਮਾਂ ਦੀਆਂ ਪ੍ਰਸੰਗਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।