4 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਆਰਮੀ ਭਰਤੀ ਰੈਲੀ ਸਬੰਧੀ ਮੀਟਿੰਗ
ਫ਼ਿਰੋਜ਼ਪੁਰ, (ਰਾਕੇਸ਼ ਕਪੂਰ) ਭਾਰਤੀ ਆਰਮੀ ਵਿੱਚ ਭਰਤੀ ਰੈਲੀ 04 ਜੁਲਾਈ 2023 ਤੋਂ ਕੈਪਟਨ ਸੁੰਦਰ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਣੀ ਹੈ। ਇਹ ਜਾਣਕਾਰੀ ਐਸ.ਡੀ.ਐਮ. ਫ਼ਿਰੋਜ਼ਪੁਰ ਸ. ਰਣਜੀਤ ਸਿੰਘ ਭੁੱਲਰ ਨੇ ਭਰਤੀ ਰੈਲੀ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਲਈ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਸੂਰਜ ਅਤੇ ਡਾਇਰੈਕਟਰ ਭਰਤੀ ਕਰਨਲ ਸੌਰਭ ਚਰਨ ਵੀ ਮੌਜੂਦ ਸਨ। ਇਸ ਮੌਕੇ ਐਸ.ਡੀ.ਐਮ. ਰਣਜੀਤ ਸਿੰਘ ਭੁੱਲਰ ਨੇ ਹਾਜ਼ਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਭਰਤੀ ਰੈਲੀ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਣ ਵਿੱਚ ਆਰਮੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਅਤੇ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਪੁਲੀਸ ਵਿਭਾਗ ਨੂੰ ਪੂਰੀ ਰੈਲੀ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ ਨਾਕੇ ਲਗਾਉਣ ਅਤੇ ਚੈਕਿੰਗ ਕਰਨ ਲਈ ਕਿਹਾ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਸਿਹਤ ਵਿਭਾਗ ਨੂੰ ਰੈਲੀ ਵਾਲੇ ਸਥਾਨ ‘ਤੇ ਡਾਕਟਰ, ਨਰਸਿੰਗ ਸਟਾਫ਼ ਅਤੇ ਐਂਬੂਲੈਂਸ ਆਦਿ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਤਾਂ ਕਿ ਕਿਸੇ ਕਿਸਮ ਦੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਬੈਰੀਕੇਡਿੰਗ, ਫਾਇਰ ਬ੍ਰਿਗੇਡ, ਪੀਣ ਵਾਲੇ ਪਾਣੀ ਦੇ ਟੈਂਕਰ, ਮੋਬਾਈਲ ਟਾਇਲਟ ਆਦਿ ਦੇ ਪ੍ਰਬੰਧ ਕਰਨ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਡਾਇਰੈਕਟਰ ਭਰਤੀ ਕਰਨਲ ਸੌਰਭ ਚਰਨ ਨੇ ਭਰਤੀ ਰੈਲੀ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੈਲੀ ਸਬੰਧੀ ਧੋਖਾਧੜੀ ਤੋਂ ਬਚਣ ਅਤੇ ਡੋਪ/ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸਿਵਲ ਸਰਜਨ ਡਾ. ਰਾਜਿੰਦਰ ਪਾਲ, ਐਸ.ਪੀ.(ਐਚ.) ਸੋਹਨ ਲਾਲ ਸੋਨੀ, ਲੈਫ਼ਟੀਨੈਂਟ ਕਰਨਲ ਰਵੀ ਭੂਸ਼ਨ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।