ਜਲਾਲਾਬਾਦ ਦੇ ਪੱਤਰਕਾਰਾਂ ਦੀ ਹਮਾਇਤ ‘ਤੇ ਆਈ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ
ਫ਼ਿਰੋਜ਼ਪੁਰ 29 ਅਗਸਤ (ਰਾਕੇਸ਼ ਕਪੂਰ ) – ਅਜ਼ਾਦੀ ਦਿਹਾੜੇ ਦੇ ਮੌਕੇ ‘ਤੇ ਜਲਾਲਾਬਾਦ ਮਲਟੀਪਰਪਜ ਸਪੋਰਟਸ ਸਟੇਡੀਅਮ ਵਿਖੇ ਤਹਿਸੀਲ ਪੱਧਰੀ ਆਯੋਜਿਤ ਸਰਕਾਰੀ ਸਮਾਗਮ ਦੀ ਕਵਰੇਜ ਕਰਨ ਲਈ ਪਹੁੰਚੇ ਪੱਤਰਕਾਰਾਂ ਨਾਲ ਸਿਆਸੀ ਅਤੇ ਪ੍ਰਸ਼ਾਸ਼ਨਕ ਅਧਿਕਾਰੀਆਂ ਵੱਲੋਂ ਕੀਤੀ ਗਈ ਵਧੀਕੀ ਦੇ ਚਲਦਿਆਂ ਸਮੂਹ ਪੱਤਰਕਾਰਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ ਦੀ ਹਮਾਇਤ ‘ਤੇ ਉਤਰੀ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵੱਲੋਂ ਪੱਤਰਕਾਰ ਭਾਈਚਾਰੇ ਨਾਲ ਹੋਈ ਉਕਤ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਅੱਜ ਇਥੇ ਬੋਲਦਿਆਂ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਨਾਮ ਸਿੱਧੂ ਅਤੇ ਚੇਅਰਮੈਨ ਵਿਜੇ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਦੇ ਨਾਲ ਖੜ੍ਹੇ ਹਨ ਅਤੇ ਇਸ ਤਰ੍ਹਾਂ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਓਹਨਾ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ। ਜੇਕਰ ਚੌਥੇ ਥੰਮ ਤੇ ਹੀ ਹਮਲਾ ਹੋਵੇਗਾ ਤਾਂ ਆਮ ਲੋਕਾਂ ਦਾ ਕੀ ਬਣੇਗਾ। ਓਹਨਾ ਕਿਹਾ ਕਿ ਪੱਤਰਕਾਰ ਸਮਾਜ ਅਤੇ ਸਰਕਾਰ ਵਿਚ ਕੜੀ ਦਾ ਕੰਮ ਕਰਦੇ ਹਨ। ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਸਾਹਮਣੇ ਰੱਖਦੇ ਹਨ ਅਤੇ ਸਰਕਾਰ ਦਾ ਕੰਮ ਹੁੰਦਾ ਹੈ ਓਹਨਾ ਸਮੱਸਿਆਵਾਂ ਦੀ ਜਾਂਚ ਕਰਕੇ ਤੁਰੰਤ ਹੱਲ ਕਰੇ। ਪਰ ਕੁਝ ਸਿਆਸੀ ਲੋਕਾਂ ਨੂੰ ਇਹ ਸਭ ਹਜ਼ਮ ਨਹੀਂ ਹੋ ਰਿਹਾ ਅਤੇ ਓਹ ਚੌਥੇ ਥੰਮ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ। ਪ੍ਰੈੱਸ ਕਲੱਬ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਦੇ ਨਾਲ ਖੜੇ ਹਨ ਅਤੇ ਅਜਿਹੀਆਂ ਵਧੀਕੀਆਂ ਸਹਿਣ ਨਹੀ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਸਮੂਹ ਪੱਤਰਕਾਰ ਹਾਜ਼ਿਰ ਸਨ।