ਕਮਿਸ਼ਨਰੇਟ ਪੁਲਿਸ ਨੇ ਨਗਰ ਨਿਗਮ ਅਫਸਰ ਦੱਸ ਕੇ ਬਿਲਡਿੰਗ ਮਾਲਕ ਤੋਂ ਪੈਸੇ ਵਸੂਲਣ ਵਾਲੇ ਚਾਰ ਨੂੰ ਗ੍ਰਿਫਤਾਰ ਕੀਤਾ ਹੈ
ਜਲੰਧਰ, ਡੀਡੀ ਨਿਊਜ਼ ਪੇਪਰ 9,ਫਰਵਰੀ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਚਾਰ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਚਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਢਿੱਲਵਾਂ ਜਲੰਧਰ ਨੇ ਸੰਨੀ ਮਹਿੰਦਰੂ, ਅਜੈ ਕੁਮਾਰ, ਮਿੱਠੀ ਅਤੇ ਮਨਪ੍ਰੀਤ ਸਿੰਘ ਖਿਲਾਫ ਫਿਰੌਤੀ ਦੇ ਇਲਜ਼ਾਮ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਚਾਰਾਂ ਨੇ ਆਪਣੇ ਆਪ ਨੂੰ ਨਗਰ ਨਿਗਮ ਜਲੰਧਰ ਦਾ ਫੀਲਡ ਅਫਸਰ ਦੱਸ ਕੇ ਉਸ ਦੇ ਨਿਰਮਾਣ ਅਧੀਨ ਘਰ ਦਾ ਦੌਰਾ ਕੀਤਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਠੱਗਾਂ ਨੇ ਚਤਰ ਸਿੰਘ ਨੂੰ ਕਿਹਾ ਸੀ ਕਿ ਇਮਾਰਤ ਦੀ ਉਸਾਰੀ ਲਈ ਕੋਈ ਮਨਜ਼ੂਰੀ ਨਹੀਂ ਹੈ ਅਤੇ ਇਸ ਨੂੰ ਢਾਹੁਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਉਦੋਂ ਬਿਲਡਿੰਗ ਮਾਲਕ ਤੋਂ 10,000 ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ 5000 ਰੁਪਏ ਦਿੱਤੇ ਸਨ। ਹਾਲਾਂਕਿ, ਉਸਨੇ ਕਿਹਾ ਕਿ ਸ਼ੁਰੂਆਤੀ ਅਦਾਇਗੀ ਤੋਂ ਬਾਅਦ ਬਿਲਡਿੰਗ ਮਾਲਕ ਨੂੰ ਧੋਖੇਬਾਜ਼ਾਂ ਦੇ ਚਾਲ-ਚਲਣ ਬਾਰੇ ਸ਼ੱਕ ਹੋਇਆ, ਜਿਸ ਕਾਰਨ ਉਸਨੇ ਤੁਰੰਤ ਈਆਰਐਸ ਟੀਮ ਅਤੇ ਪੁਲਿਸ ਸਟੇਸ਼ਨ ਨੂੰ ਬੁਲਾਇਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਫੋਰਸ ਨੇ ਤੇਜ਼ੀ ਨਾਲ ਚਾਰ ਮੈਂਬਰੀ ਗਿਰੋਹ ਨੇੜੇ ਲਾਰੈਂਸ ਸਕੂਲ ਤੋਂ ਕਾਬੂ ਕਰ ਲਿਆ ਜਿਨ੍ਹਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮੁਹੱਲਾ ਨੰਬਰ 170/ਬੀ ਅਵਤਾਰ ਨਗਰ, ਬੈਕਸਾਈਡ ਦੂਰਦਰਸ਼ਨ ਕੇਂਦਰ ਜਲੰਧਰ, ਸੰਨੀ ਮਹਿੰਦਰੂ ਪੁੱਤਰ ਨਰਿੰਦਰ ਮਹਿੰਦਰੂ ਵਾਸੀ ਮਾਕਨ ਨੰਬਰ 55, ਨਿਊ ਬਲਦੇਵ ਨਗਰ, ਕਿਸ਼ਨਪੁਰਾ, ਜਲੰਧਰ, ਅਜੈ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਤੇਲ ਵਾਲੀ ਗਲੀ, ਛੋਟਾ ਅਲੀ ਮੁਹੱਲਾ, ਜਲੰਧਰ, ਮਿਸ਼ਟੀ ਪੁੱਤਰੀ ਸਫੀਕ ਵਾਸੀ 174, ਮਾਡਲ ਹਾਊਸ, ਜਲੰਧਰ ਵਜੋਂ ਹੋਈ ਹੈ ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਐਫਆਈਆਰ/ਮੁਕੱਦਮਾ 43 ਮਿਤੀ 08-02-2024 ਅਧੀਨ 384,419,420,34 ਆਈਪੀਸੀ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਰੋਹ ਦਾ ਵੱਖ-ਵੱਖ ਵਿਭਾਗੀ ਮੁਲਾਜ਼ਮ ਬਣ ਕੇ ਠੱਗੀ ਕਰਨ ਦਾ ਪਿਛੋਕੜ ਰਿਹਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।