ਵਿਜੀਲੈਂਸ ਨੇ ਕੱਸਿਆ ਵੈਦ, ਕਾਂਗੜ ਤੇ ਸਤਿਕਾਰ ਕੌਰ ’ਤੇ ਸ਼ਿਕੰਜਾ; ਵੈਦ ਦੇ ਘਰ ਛਾਪੇਮਾਰੀ, ਕਾਂਗੜ ਤੇ ਸਤਿਕਾਰ ਕੌਰ ਨੂੰ ਸੰਮਨ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸ ਦੇ ਦੋ ਸਾਬਕਾ ਵਿਧਾਇਕਾਂ ਤੇ ਮੰਤਰੀਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਨੇ ਸੋਮਵਾਰ ਨੂੰ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਛਾਪੇਮਾਰੀ ਕੀਤੀ ਹੈ। ਵੈਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਦੱਸੇ ਜਾਂਦੇ ਹਨ। ਚੰਨੀ ਪਹਿਲਾਂ ਹੀ ਵਿਜੀਲੈਂਸ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਜਾ ਚੁੱਕਾ ਹੈ। ਇਸੇ ਲੜੀ ’ਚ ਵਿਜੀਲੈਂਸ ਅਧਿਕਾਰੀਆਂ ਦੇ ਹੱਥ ਕੁਝ ਸਬੂਤ ਲੱਗੇ ਜਿਸ ਤੋਂ ਬਾਅਦ ਵੈਦ ਦੇ ਘਰ ਛਾਪੇਮਾਰੀ ਕੀਤੀ ਗਈ। ਕੈਪਟਨ ਸਰਕਾਰ ਦੌਰਾਨ ਵੈਦ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਸਨ। ਵਿਜੀਲੈਂਸ ਚੰਨੀ ਨੂੰ ਵੀ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ।
ਉਧਰ ਵਿਜੀਲੈਂਸ ਬਿਊਰੋ ਨੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਰੁੱਧ ਆਮਦਨ ਦੇ ਜ਼ਾਹਰ ਸਰੋਤਾਂ ਤੋਂ ਵੱਧ ਜਾਇਦਾਦ ਦੀ ਚੱਲ ਰਹੀ ਜਾਂਚ ਦੇ ਮਾਮਲੇ ’ਚ ਸੰਮਨ ਭੇਜ ਕੇ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਚੇਤੇ ਰਹੇ ਕਿ ਕਾਂਗੜ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਉਧਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਹੀ ਸਾਬਕਾ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਨੂੰ ਵੀ ਵਿਜੀਲੈਂਸ ਨੇ ਤਲਬ ਕੀਤਾ ਹੈ। ਉਨ੍ਹਾਂ ਤੋਂ ਕੁਝ ਦਸਤਾਵੇਜ਼ ਮੰਗੇ ਗਏ ਹਨ। ਹੁਣ ਕਾਂਗਰਸ ਦੇ ਤਮਾਮ ਵੱਡੇ ਆਗੂ ਸਰਕਾਰ ਦੇ ਨਿਸ਼ਾਨੇ ’ਤੇ ਹਨ। ਵਿਜੀਲੈਂਸ ਬਿਊਰੋ ਪਹਿਲਾਂ ਹੀ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਜਾਂਚ ਸ਼ੁਰੂ ਕਰ ਚੁੱਕਾ ਹੈ। ਗਿ੍ਰਫ਼ਤਾਰ ਕੀਤੇ ਗਏ ਸਾਬਕਾ ਮੰਤਰੀਆਂ ’ਚ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੁਦਰ ਸ਼ਾਮ ਅਰੋੜਾ ਤੇ ਸੰਗਤ ਸਿੰਘ ਗਿਲਜੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਫਾਰਮ ਹਾਊਸ ’ਤੇ ਵੀ ਵਿਜੀਲੈੈਂਸ ਦੀਆਂ ਟੀਮਾਂ ਛਾਪੇਮਾਰੀ ਕਰ ਚੁੱਕੀਆਂ ਹਨ। ਕਿੱਕੀ ਢਿੱਲੋਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਵਿਜੀਲੈਂਸ ਨੇ ਉਨ੍ਹਾਂ ਦੇ ਨਿਰਮਾਣ ਅਧੀਨ ਫਾਰਮ ਹਾਊਸ ਦੀ ਪੈਮਾਇਸ਼ ਕੀਤੀ ਸੀ। ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਵਿਰੁੱਧ ਵੀ ਵਿਜੀਲੈਂਸ ਪਠਾਨਕੋਟ ਨਗਰ ਨਿਗਮ ’ਚ ਕਈ ਬੇਨਿਯਮੀਆਂ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਜ਼ਿਲ੍ਹੇ ਦੀ ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਵਿਰੁੱਧ ਵੀ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਹੋਇਆ ਹੈ।