ਇਨਸਾਫ ਨਾ ਮਿਲਣ ਤੇ ਥਾਣਾ ਮਕਸੂਦਾਂ ਦੇ ਬਾਹਰ ਔਰਤ ਵੱਲੋਂ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
ਜਲੰਧਰ : ਆਮ ਕਹਾਵਤ ਹੈ ਕਿ ਪੁੱਤ ਹੀ ਆਪਣੇ ਮਾਪਿਆਂ ਦਾ ਸਹਾਰਾ ਬਣਦੇ ਹਨ। ਪਰ ਜਦੋਂ ਪੁੱਤ ਹੀ ਮਾਂ ਨਾਲੋਂ ਵਿਛੜ ਜਾਵੇ ਉਸ ਵੇਲੇ ਮਾਂ ਦਾ ਹਾਲ ਬੇਹਾਲ ਹੋ ਜਾਂਦਾ ਹੈ। ਅਜਿਹੇ ਹੀ ਹਾਲਾਤ ‘ਚੋਂ ਲੰਘ ਰਹੀ ਮਾਂ ਦੀ ਮਮਤਾ ਉਬਾਲਾ ਮਾਰ ਗਈ ਜਦ ਆਪਣੇ ਪੁੱਤ ਨੂੰ ਆਪਣੇ ਅੱਖਾਂ ਦੇ ਸਾਹਮਣੇ ਵੇਖਣ ਲਈ ਮਾਂ ਨੂੰ ਵਾਰ-ਵਾਰ ਥਾਣੇ ਦੇ ਧੱਕੇ ਖਾਣੇ ਪਏ। ਅਜਿਹੇ ਧੱਕਿਆਂ ਤੋਂ ਅਤੇ ਪੁਲਿਸ ਵੱਲੋਂ ਰੋਜ਼ਾਨਾ ਲਾਏ ਜਾਂਦੇ ਲਾਰਿਆਂ ਤੋਂ ਦੁਖੀ ਹੋ ਕੇ ਇਨਸਾਫ ਨਾ ਮਿਲਦਾ ਵੇਖ ਥਾਣਾ ਮਕਸੂਦਾਂ ਦੇ ਬਾਹਰ ਔਰਤ ਵੱਲੋਂ ਆਪਣੇ ਤੇ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਉਲਝਦਾ ਵੇਖ ਡੀਐੱਸਪੀ ਸੁਰਿੰਦਰ ਪਾਲ ਧੋਗੜੀ ਵਲੋਂ ਪੀੜਤ ਔਰਤ ਨੂੰ ਅਗਲੇ ਦਿਨ ਇਨਸਾਫ ਦਵਾਉਣ ਦੇ ਦਿਤੇ ਭਰੋਸੇ ਮਗਰੋਂ ਦੇਰ ਰਾਤ ਪੀੜਤ ਔਰਤ ਵੱਲੋਂ ਹੰਗਾਮਾ ਸਮਾਪਤ ਕੀਤਾ।
ਪੀੜਤ ਔਰਤ ਮਮਤਾ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਵਨੀਤ ਕੁਮਾਰ ਨਾਲ ਵਿਆਹ ਉਪਰੰਤ ਉਨ੍ਹਾਂ ਦੇ ਘਰ ਇਕ ਲੜਕੀ ਪੈਦਾ ਹੋਈ ਸੀ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਉਸਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਅਤੇ ਕਈ ਸਾਲ ਘਰ ਵਾਪਸ ਨਾ ਆਉਣ ਤੇ ਉਸ ਨੇ ਆਪਣਾ ਗੁਜ਼ਾਰਾ ਕਰਨ ਲਈ ਕਿਸੇ ਹੋਰ ਵਿਅਕਤੀ ਨਾਲ ਰਿਸ਼ਤਾ ਜੋੜ ਲਿਆ। ਉਸ ਰਿਸ਼ਤੇ ‘ਚੋਂ ਉਸਦੇ ਇੱਕ ਲੜਕਾ ਪੈਦਾ ਹੋਇਆ। ਇਸ ਦੇ ਪੈਦਾ ਹੋਣ ਸਮੇਂ ਉਸ ਦੇ ਪਹਿਲੇ ਪਤੀ ਦੇ ਪਰਿਵਾਰਕ ਮੈਂਬਰਾ ਨੇ ਉਸਦੀ ਲੜਕੀ ਨੂੰ ਆਪਣੇ ਕੋਲ ਰੱਖ ਲਿਆ। ਉਸ ਦਾ ਕਹਿਣਾ ਹੈ ਕਿ ਉਸ ਦੇ ਘਰ ਲੜਕਾ ਪੈਦਾ ਹੋਇਆ ਜਿਸ ਦੇ ਸਾਰੇ ਪਛਾਣ ਪੱਤਰ ਉਸ ਵੱਲੋਂ ਆਪਣੇ ਨਾਲ ਰਿਸ਼ਤੇ ਜੋੜੇ ਹੋਏ ਵਿਅਕਤੀ ਦੇ ਨਾਂ ‘ਤੇ ਬਣਵਾਏ ਸੀ। ਉਸ ਦਾ ਕਹਿਣਾ ਹੈ ਕਿ ਪਿਛਲੇ 7 ਸਾਲ ਮਿਹਨਤ ਮਜ਼ਦੂਰੀ ਕਰਕੇ ਉਹ ਆਪਣੇ ਬੱਚੇ ਨੂੰ ਪੜਾਉਂਦੀ ਰਹੀ ਪਰ ਕੁਝ ਸਮਾਂ ਪਹਿਲਾਂ ਜਦ ਉਸ ਦਾ ਪੁੱਤਰ ਉੱਤਮ ਨਗਰ ਪਿੰਡ ਲਿੱਦੜਾਂ ਵਿਖੇ ਰਹਿ ਰਹੀ ਆਪਣੀ ਨਾਨੀ ਦੇ ਘਰ ਗਿਆ ਸੀ ਤਾਂ ਉਥੋਂ ਉਸ ਦੇ ਪਹਿਲੇ ਪਤੀ ਦੀ ਭੈਣ ਕੁਲਵਿੰਦਰ ਕੌਰ ਉੱਥੋਂ ਉਸ ਨੂੰ ਜ਼ਬਰਦਸਤੀ ਨਾਲ ਲੈ ਗਈ ਅਤੇ ਜਦ ਉਸ ਦੀ ਨਾਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਕੁਲਵਿੰਦਰ ਕੌਰ ਵਲੋਂ ਉਸ ਮਾਰ ਕੁਟਾਈ ਕੀਤੀ। ਤਾਂ ਜਿਵੇਂ ਹੀ ਇਸ ਦੀ ਸੂਚਨਾ ਉਸ ਨੂੰ ਮਿਲੀ ਤਾਂ ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਜਿਨ੍ਹਾਂ ਵੱਲੋਂ ਇਸ ਦੀ ਕਾਰਵਾਈ ਕਰਨ ਲਈ ਥਾਣਾ ਮੁਖੀ ਦੀ ਪੁਲਿਸ ਨੂੰ ਹਦਾਇਤ ਤਾਂ ਕੀਤੀ ਪਰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਹੋਇਆ ਮਕਸੂਦਾਂ ਦੀ ਪੁਲਿਸ ਵੱਲੋਂ ਉਸ ਨੂੰ ਜਨਵਰੀ ਮਹੀਨੇ ਤੋਂ ਲਾਰਾ ਲੱਪਾ ਲਾਉਣ ਤੋਂ ਇਲਾਵਾ ਕੋਈ ਵੀ ਕਾਰਵਾਈ ਨਹੀਂ ਕੀਤੀ। ਉਸਦਾ ਕਹਿਣਾ ਹੈ ਕਿ ਥਾਣਾ ਮੁਖੀ ਵੱਲੋਂ ਕਾਰਵਾਈ ਕਰਨੀ ਤਾਂ ਦੂਰ ਦੀ ਗੱਲ ਰਹੀ ਉਸ ਵੱਲੋਂ ਸਿਰਫ ਇਹੀ ਗੱਲ ਹੀ ਉਸਨੂੰ ਕਹੀ ਜਾਂਦੀ ਰਹੀ ਕਿ ਉਹ ਸਾਬਤ ਕਰੇ ਕਿ ਉਹ ਬੱਚਾ ਉਸ ਦਾ ਹੀ ਹੈ। ਜਿਸ ਦੇ ਸਾਰੇ ਪਛਾਣ ਪੱਤਰ ਉਸ ਵੱਲੋਂ ਦਿੱਤੇ ਜਾਣ ਦੇ ਬਾਵਜੂਦ ਵੀ ਉਸ ਨੂੰ ਕੋਈ ਵੀ ਇਨਸਾਫ ਨਾ ਮਿਲਿਆ। ਉਸਨੇ ਦੱਸਿਆ ਕਿ ਬੀਤੇ ਦਿਨ ਵੀ ਉਸ ਨੂੰ ਸਮਾਂ ਦਿੱਤਾ ਗਿਆ ਸੀ ਪਰ ਦੂਜੀ ਧਿਰ ਥਾਣੇ ਵਿਚ ਨਾ ਆਉਣ ਤੇ ਉਸ ਨੂੰ ਅੱਜ ਦਾ ਫਿਰ ਸਮਾਂ ਦਿੱਤਾ ਗਿਆ ਸੀ ਤੇ ਅੱਜ ਫਿਰ ਉਹ ਤਾਂ ਥਾਣੇ ਪੁੱਜੀ ਪਰ ਦੂਜੀ ਧਿਰ ਫਿਰ ਨਾ ਥਾਣੇ ਪੁੱਜਣ ਤੇ ਉਸ ਨੂੰ ਕੋਈ ਵੀ ਇਨਸਾਫ਼ ਨਾ ਮਿਲਿਆ ਤਾਂ ਸਵੇਰ ਤੋਂ ਹੀ ਥਾਣੇ ਦੇ ਧੱਕਿਆਂ ਤੋਂ ਤੰਗ ਹੋ ਕੇ ਆਖਰਕਾਰ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ।ਜਿਸ ਵੱਲੋਂ ਅਜੇ ਆਪਣੇ ਉੱਤੇ ਮਿੱਟੀ ਦਾ ਤੇਲ ਛਿੜਕ ਰਹੀ ਸੀ ਤਾਂ ਉਸੇ ਵਕਤ ਮੀਟਿੰਗ ਤੋਂ ਵਾਪਸ ਥਾਣੇ ਪੁੱਜੇ ਥਾਣਾ ਮੁਖੀ ਮਨਜੀਤ ਸਿੰਘ ਵੱਲੋਂ ਜਦੋ ਜਹਿਦ ਕਰ ਕੇ ਉਸ ਨੂੰ ਬਚਾ ਲਿਆ ਗਿਆ। ਜਿਸ ਉਪਰੰਤ ਉਸ ਨੇ ਦੂਜੀ ਧਿਰ ਨੂੰ ਥਾਣੇ ਲਿਆਉਣ ਦੀ ਗੁਹਾਰ ਲਗਾਈ ਤਾਂ ਫਿਰ ਵੀ ਦੂਜੀ ਧਿਰ ਥਾਣੇ ਨਾ ਪੁੱਜੀ ਤੇ ਬਿਨਾਂ ਕਿਸੇ ਇਨਸਾਫ਼ ਕੀਤੇ ਜਦੋਂ ਥਾਣਾ ਮੁਖੀ ਥਾਣੇ ਤੋਂ ਬਾਹਰ ਜਾਣ ਲੱਗੇ ਤਾਂ ਉਸ ਵੱਲੋਂ ਥਾਣੇ ਦਾ ਗੇਟ ਬੰਦ ਕਰ ਕੇ ਥਾਣਾ ਮੁਖੀ ਨੂੰ ਬਾਹਰ ਜਾਣ ਤੋਂ ਇਹ ਕਹਿ ਕੇ ਰੋਕ ਲਿਆ ਕਿ ਜਦ ਤਕ ਉਸ ਨੂੰ ਇਨਸਾਫ ਨਹੀਂ ਮਿਲੇਗਾ ਉਹ ਕਿਸੇ ਵੀ ਪੁਲੀਸ ਮੁਲਾਜ਼ਮ ਨੂੰ ਬਾਹਰ ਨਹੀਂ ਜਾਣ ਦੇਵੇਗੀ। ਇਸ ਦੌਰਾਨ ਪੁਲਿਸ ਮੁਲਾਜ਼ਮ ਪੱਤਰਕਾਰਾਂ ਨਾਲ ਵੀ ਉਲਝ ਪਏ। ਆਖਰ ਦੇਰ ਰਾਤ ਡੀ ਐੱਸ ਪੀ ਸੁਰਿੰਦਰ ਪਾਲ ਧੋਗੜੀ ਵੱਲੋਂ ਪੀੜਤ ਔਰਤ ਨੂੰ ਅਗਲੇ ਦਿਨ ਦਾ ਸਮਾਂ ਦੇਕੇ ਇਨਸਾਫ ਦਿਵਾਉਣ ਦਾ ਭਰੋਸਾ ਦੇਣ ਉਪਰੰਤ ਮਾਮਲਾ ਸ਼ਾਂਤ ਹੋਇਆ।