ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸਿਹਤ ਮੰਤਰੀ ਨਾਲ ਮੀਟਿੰਗ ਹੋਈ
ਭਵਾਨੀਗੜ, 9, ਜੂਨ (ਕ੍ਰਿਸ਼ਨ ਚੌਹਾਨ ) ਸਿਹਤ ਵਿਭਾਗ ਅੰਦਰ ਕੰਮ ਕਰਦੀਆਂ ਆਸ਼ਾ ਵਰਕਰਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ “ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ” ਵਲੋਂ 27 ਮਈ ਨੂੰ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ ਸੀ। ਰੈਲੀ ਮੌਕੇ ਪ੍ਰਸ਼ਾਸਨ ਵਲੋਂ ਮੰਗ ਪੱਤਰ ਪ੍ਰਾਪਤ ਕਰਕੇ ਸਿਹਤ ਮੰਤਰੀ ਨਾਲ ਮਿਤੀ 7 ਜੂਨ ਨੂੰ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਗਿਆ ਸੀ। ਸਿਹਤ ਮੰਤਰੀ ਵਲੋਂ ਦਿੱਤੇ ਸਮੇਂ ਅਨੁਸਾਰ ਮੈਡੀਕਲ ਸਿੱਖਿਆ ਅਤੇ ਖੌਜ ਭਵਨ (ਡੀ.ਆਰ.ਐਮ.ਈ.) ਸੈਕਟਰ 69 ਮੁਹਾਲੀ ਵਿਖੇ ਜੱਥੇਬੰਦੀ ਦੀ ਪੈਨਲ ਮੀਟਿੰਗ ਹੋਈ। ਮੀਟਿੰਗ ਵਿੱਚ ਪ੍ਰਿੰਸੀਪਲ ਸਕੱਤਰ ਸਿਹਤ ਵਿਵੇਕ ਪ੍ਰਤਾਪ ਸਿੰਘ, ਡਾਇਰੈਕਟਰ ਸਿਹਤ ਆਦਰਸ਼ ਪਾਲ ਕੌਰ, ਡਾਇਰੈਕਟਰ ਐਨ.ਐਚ.ਐਮ, ਆਸ਼ਾ ਵਰਕਰ ਸਕੀਮ ਦੀ ਇੰਨਚਾਰਜ ਮੋਨਿਕਾ ਬੱਬਰ ਮੀਟਿੰਗ ਵਿੱਚ ਹਾਜਰ ਸਨ। ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ, ਚੇਅਰਪਰਸਨ ਸੁਖਵਿੰਦਰ ਕੌਰ, ਜਨਰਲ ਸਕੱਤਰ ਲਖਵਿੰਦਰ ਕੌਰ ਦੀ ਅਗਵਾਈ ਹੇਠ ਮੀਟਿੰਗ ਵਿੱਚ ਗਏ ਵਫਦ ਵਲੋਂ ਬਹੁਤ ਹੀ ਦਲੀਲ ਨਾਲ ਆਪਣੀਆਂ ਮੰਗਾਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅੱਗੇ ਰੱਖੀਆਂ। ਲਗਭਗ ਪੌਣਾ ਘੰਟਾ ਚੱਲੀ ਇਸ ਮੀਟਿੰਗ ਵਿੱਚ ਆਸ਼ਾ ਵਰਕਰਾਂ ਦੇ ਇੰਸੈਨਟਿਵ ਵਿੱਚ ਵਾਧਾ ਕਰਨ, ਆਸ਼ਾ ਵਰਕਰਾਂ ਅਤੇ ਫੈਸਿਲੀੇਟਰਾਂ ਦੇ ਮਾਣ ਭੱਤੇ ਨੂੰ ਦੁੱਗਣਾ ਕਰਨ ਕਰਨ ਸਬੰਧੀ ਸਿਹਤ ਮੰਤਰੀ ਨੇ ਕਿਹਾ ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇੰਸੈਨਟਿਵਾਂ ਵਿੱਚ ਵਾਧਾ ਅਤੇ ਮਾਣ ਭੱਤੇ ਨੂੰ ਬਹੁਤ ਜਲਦ ਦੁੱਗਣਾ ਕੀਤਾ ਜਾਵੇਗਾ। ਆਗੂਆਂ ਵੱਲੋਂ ਡੀ.ਸੀ. ਰੇਟ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਸਿਹਤ ਸੰਸਥਾਵਾਂ ਵਿੱਚ ਪ੍ਰਸੂਤਾ ਕੇਸ ਲਿਆਉਣ ਮੌਕੇ ਆਸ਼ਾ ਵਰਕਰਾਂ ਲਈ ਰੈਸਟ-ਰੂਮ ਦਾ ਪ੍ਰਬੰਧ ਕਰਨ ਦੇ ਪੱਤਰ ਨੂੰ ਸਖਤੀ ਨਾਲ ਲਾਗੂ ਕਰਵਾਉਣ ਅਥੇ ਵਰਦੀ ਭੱਤੇ ਵਿੱਚ ਵਾਧਾ ਕਰਨ ਸਬੰਧੀ ਵੀ ਸਿਹਤ ਮੰਤਰੀ ਵਲੋਂ ਹਾਮੀ ਭਰੀ ਗਈ। ਜਿਹੜੀਆਂ ਆਸ਼ਾ ਵਰਕਰਾਂ ਏ.ਐਨ.ਐਮ. ਦਾ ਪੇਪਰ ਪਾਸ ਕਰ ਚੁੱਕੀਆਂ ਹਨ, ਉਹਨਾਂ ਨੂੰ ਤੀਸਰੀ ਲਿਸਟ ਜਾਰੀ ਕਰਕੇ ਨਿਯੁਕਤੀ ਪੱਤਰ ਦੇਣ ਅਤੇ ਭਵਿੱਖ ਵਿੱਚ ਸਿਹਤ ਵਿਭਾਗ ਅੰਦਰ ਕੋਈ ਵੀ ਅਸਾਮੀ ਲਈ ਭਰਤੀ ਕਰਨ ਮੌਕੇ ਆਸ਼ਾ ਵਰਕਰਾਂ ਵਿੱਚੋਂ ਯੋਗਤਾ ਅਨੁਸਾਰ 10 % ਕੋਟਾ ਨਿਰਧਾਰਤ ਕਰਨ ਦੀ ਮੰਗ ਨੂੰ ਵੀ ਸਿਹਤ ਮੰਤਰੀ ਵਲੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਸਫਰੀ ਭੱਤੇ ਨੂੰ ਦੁੱਗਣਾ ਕਰਨ, ਮਾਣ ਭੱਤੇ ਸਹਿਤ ਪ੍ਰਸੂਤਾ ਛੁੱਟੀ ਦੇਣ, ਆਸ਼ਾ ਵਰਕਰਾਂ/ ਫੈਸਿਲੀਟੇਟਰਾਂ ਦਾ ਮੁਫਤ ਬੀਮਾ ਕਰਨ, 7 ਆਸ਼ਾ ਵਰਕਰਾਂ ਮਗਰ ਇੱਕ ਫੈਸਿਲੀਟੇਟਰ ਰੱਖਣ ਦੀਆਂ ਮੰਗਾਂ ਨੂੰ ਵੀ ਜਲਦ ਹੱਲ ਦਾ ਯਕੀਨ ਦਵਾਇਆ ਗਿਆ। ਸਿਹਤ ਮੰਤਰੀ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਯੋਗਾ ਦੀ ਸਕੀਮ ਚਲਾਈ ਜਾ ਰਹੀ ਹੈ ਅਤੇ ਆਸ਼ਾ ਵਰਕਰਾਂ ਨੂੰ ਇਸ ਸਬੰਧੀ ਟ੍ਰੇਨਿੰਗ ਦੇ ਕੇ ਪਿੰਡਾਂ ਅੰਦਰ ਯੋਗਾ ਕਲਾਸਾਂ ਲਗਵਾਈਆਂ ਜਾਣਗੀਆਂ ਜਿਸਦਾ ਇੰਨਸੈਨਟਿਵ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ।ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਹਰਨਿੰਦਰ ਕੌਰ, ਬੀਰਪਾਲ ਕੌਰ, ਜਸਪ੍ਰੀਤ ਕੌਰ, ਚਰਨਜੀਤ ਕੌਰ, ਰਾਜਵੰਤ ਕੌਰ ਪੱਟੀ, ਮਨਜੀਤ ਕੌਰ ਰਾਮਪੁਰ, ਜਸਵੀਰ ਕੌਰ ਪੱਟੀ, ਅਮਰਜੀਤ ਕੌਰ ਲੱਖੇਵਾਲ, ਦਰਸ਼ਨਾਂ, ਨਸੀਬ ਕੌਰ, ਮਨਜਿੰਦਰ ਕੌਰ ਗਹਿਲਾਂ, ਪ.ਸ.ਸ.ਫ. ਆਗੂ ਇੰਦਰਜੀਤ ਵਿਰਦੀ, ਮਨਜੀਤ ਸਿੰਘ ਬਾਜਵਾ, ਗੁਰਵਿੰਦਰ ਸਿੰਘ ਖਮਾਣੋਂ ਵੀ ਹਾਜਰ ਸਨ।
ਕੈਪਸ਼ਨ: ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਮੌਕੇ ਹਾਜਰ ਸੂਬਾਈ ਆਗੂ।