ਜੇਕਰ ‘ਆਪ’ ਸਰਕਾਰ ਦੇ ਝੂਠ ‘ਚ ਕੋਈ ਸੱਚਾਈ ਹੈ ਤਾਂ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਇਸ ਮਾਮਲੇ ਦੀ ਕਰਵਾਉਣ ਜਾਂਚ: ਸ਼ਰਮਾ
ਚੰਡੀਗੜ੍ਹ: 23 ਸਤੰਬਰ (ਦੋਆਬਾ ਦਸਤਕ ਨਿਊਜ਼ ), ਕੇਜਰੀਵਾਲ ਜਾਣਬੁੱਝ ਕੇ ਭਗਵੰਤ ਮਾਨ ਤੋਂ ਗਲਤੀਆਂ ਕਰਵਾ ਰਿਹਾ ਹੈ ਤਾਂ ਜੋ ਉਸਨੂੰ ਹਟਾਇਆ ਜਾ ਸਕੇ। ਇਹ ਅਪਰੇਸ਼ਨ ਲੋਟਸ ਨਹੀਂ ਬਲਕਿ ਕੇਜਰੀਵਾਲ ਦੀ ਭਗਵੰਤ ਮਾਨ ਹਟਾਓ ਸਾਜ਼ਿਸ਼ ਹੈ। ਉਪਰੋਕਤ ਸ਼ਬਦ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਸ਼ੁਰੂ ਹੋਏ ਰੋਸ ਮਾਰਚ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਹਜ਼ਾਰਾਂ ਭਾਜਪਾ ਵਰਕਰਾਂ ਦਾ ਇੱਕ ਵੱਡਾ ਜਥਾ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਤੁਰਿਆ ਤਾਂ ਉੱਥੇ ਮੌਜੂਦ ਪੁਲੀਸ ਨੇ ਬੈਰਿਕੇਟਿੰਗ ਕਰਕੇ ਉਨ੍ਹਾਂ ਨੂੰ ਜਬਰਨ ਰੋਕ ਲਿਆ, ਜਿਸ ਕਾਰਨ ਭੜਕੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਵਰਕਰਾਂ ਨੂੰ ਖਦੇੜਨ ਲਈ ਤਾਕਤ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਤੋਪਾਂ ਦੀ ਵੀ ਜਮ ਕੇ ਵਰਤੋਂ ਕੀਤੀ, ਜਿਸ ਕਾਰਨ ਕਈ ਵਰਕਰ ਗੰਭੀਰ ਜ਼ਖ਼ਮੀ ਹੋ ਗਏ, ਪਰ ਜ਼ਖ਼ਮੀ ਹੋਣ ਦੇ ਬਾਵਜੂਦ ਵਰਕਰਾਂ ਦਾ ਗੁੱਸਾ ਨਹੀਂ ਘਟਿਆ ਅਤੇ ਉਹ ਧਰਨੇ ’ਤੇ ਡਟੇ ਰਹੇ। ਉਧਰ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਸੈਂਕੜੇ ਭਾਜਪਾ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਸਬ ‘ਤੇ ਭੜਕੇ ਭਾਜਪਾ ਆਗੂ ਤੇ ਵਰਕਰ ਪੁਲੀਸ ਦੀਆਂ ਗੱਡੀਆਂ ਅੱਗੇ ਲੇਟ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਵਰਨਣਯੋਗ ਹੈ ਕਿ ਇਹ ਰੋਸ ਮਾਰਚ ਭਾਜਪਾ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਅਤੇ ਪੰਜਾਬ ਦੇ ਮੌਜੂਦਾ ਮੁੱਦਿਆਂ ਨੂੰ ਲੈ ਕੇ ਕੱਢਿਆ ਗਿਆ ਸੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਭਗਵੰਤ ਮਾਨ ਵੱਲੋਂ ਬੁਲਾਏ ਇਜਲਾਸ ‘ਤੇ ਪਾਬੰਦੀ ਲਾਉਣ ਦਾ ਫੈਸਲਾ ਸੰਵਿਧਾਨ ਅਨੁਸਾਰ ਲਿਆ ਗਿਆ ਹੈ। ਕੇਜਰੀਵਾਲ ਦੇ ਇਸ਼ਾਰੇ ‘ਤੇ ਬੁਲਾਇਆ ਗਿਆ ਇਕ ਰੋਜ਼ਾ ਸੈਸ਼ਨ ਸੰਵਿਧਾਨ ਦੇ ਵਿਰੁੱਧ ਸੀ, ਕਿਉਂਕਿ ‘ਆਪ’ ਸਰਕਾਰ ਕੋਲ ਪਹਿਲਾਂ ਹੀ ਵਿਧਾਨ ਸਭਾ ‘ਚ ਦੋ-ਤਿਹਾਈ ਤੋਂ ਵੱਧ ਬਹੁਮਤ ਹੈ ਅਤੇ ਅਜਿਹੀ ਸਰਕਾਰ ਨੂੰ ਬਹੁਮਤ ਸਾਬਤ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਸ਼ਰਮਾ ਨੇ ਕਿਹਾ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਜਿਸ ਪਾਰਟੀ ਦੇ 92 ਵਿਧਾਇਕ ਹੋਣ, ਉਹ ਆਪਣੇ ਹੀ ਵਿਧਾਇਕਾਂ ਤੋਂ ਭਰੋਸੇ ਦਾ ਵੋਟ ਲੈਣ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਵੇ। ਇਸ ਦਾ ਸਪੱਸ਼ਟ ਮਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਆਪਣੇ ਹੀ ਵਿਧਾਇਕਾਂ ‘ਤੇ ਭਰੋਸਾ ਨਹੀਂ ਹੈ। ਇਹ ਸਾਰਾ ਡਰਾਮਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਇਸ਼ਾਰੇ ‘ਤੇ ਰਚਿਆ ਹੈ, ਕਿਉਂਕਿ ਪਿਛਲੇ 6 ਮਹੀਨਿਆਂ ‘ਚ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਅਤੇ ਨਾਕਾਮੀਆਂ ਲੋਕਾਂ ਸਾਹਮਣੇ ਆ ਚੁੱਕੀਆਂ ਹਨ। ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਪੰਜਾਬ ‘ਚ ਅਜਿਹੀ ਸਰਕਾਰ ਬਣੀ ਹੈ, ਜਿਸ ‘ਚ ਸਰਕਾਰ ਬਣਨ ਦੇ 6 ਮਹੀਨਿਆਂ ਦੇ ਅੰਦਰ ਹੀ ਸਾਰੇ ਸਰਕਾਰੀ ਵਿਭਾਗ ਅਤੇ ਹੋਰ ਜਥੇਬੰਦੀਆਂ ਸੂਬਾ ਸਰਕਾਰ ਖਿਲਾਫ ਰੋਸ-ਪ੍ਰਦਰਸ਼ਨ ਕਰ ਰਹੀਆਂ ਹਨ। ਪਹਿਲਾਂ ਬਣੀ ਸਰਕਾਰਾਂ ਦੇ ਕਾਰਜਕਾਲ ਦੇ ਆਖਰੀ 6 ਮਹੀਨਿਆਂ ਦੌਰਾਨ ਅਜਿਹੇ ਧਰਨੇ-ਪ੍ਰਦਰਸ਼ਨ ਹੁੰਦੇ ਸਨ। ਭਗਵੰਤ ਮਾਨ ਅਤੇ ਕੇਜਰੀਵਾਲ ਦੋਵੇਂ ਹੀ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਨਿੱਤ ਨਵੇਂ ਡਰਾਮੇ ਰਚ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਹੁਣ ਲੋਕ ਬਹੁਤ ਸੂਝਵਾਨ ਅਤੇ ਸੁਚੇਤ ਹੋ ਗਏ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਮੰਤਰੀ ਭਾਜਪਾ ‘ਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ, ਪਰ ਆਪ ਸਰਕਾਰ ਦੇ ਮੰਤਰੀਆਂ ਨੇ ਮੀਡੀਆ ਸਾਹਮਣੇ ਕੋਈ ਸਬੂਤ ਪੇਸ਼ ਨਹੀਂ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਾਜਪਾ ‘ਤੇ ਦੋਸ਼ ਲਗਾਉਣ ਦੀ ਇਹ ਆਦਤ ਬਹੁਤ ਪੁਰਾਣੀ ਹੈ। ਸ਼ਰਮਾ ਨੇ ਕਿਹਾ ਕਿ ਚੀਮਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਧਾਇਕਾਂ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ। ਕਿਉਂਕਿ ਜੇਕਰ ਕਿਸੇ ਦੇ ਮੋਬਾਈਲ ‘ਤੇ ਕਾਲ ਆਉਂਦੀ ਹੈ ਤਾਂ ਉਸ ਮੋਬਾਈਲ ਦੀ ਸਕਰੀਨ ‘ਤੇ ਕਾਲ ਕਰਨ ਵਾਲੇ ਦਾ ਨੰਬਰ ਜ਼ਰੂਰ ਆਉਂਦਾ ਹੈ। ਪਰ ਚੀਮਾ ਨੇ ਮੀਡੀਆ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਉਹ ਟੈਲੀਫੋਨ ਨੰਬਰ ਕਿਹੜੇ ਸਨ? ਚੀਮਾ ਨੇ ਇਹ ਵੀ ਕਿਹਾ ਸੀ ਕਿ ਉਸ ਕੋਲ ਆਡੀਓ ਅਤੇ ਵੀਡੀਓ ਰਿਕਾਰਡਿੰਗ ਦੋਵੇਂ ਹਨ। ਸ਼ਰਮਾ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਕੋਲ ਦੋਵੇਂ ਸਬੂਤ ਹਨ ਤਾਂ ਉਨ੍ਹਾਂ ਨੂੰ ਅਜੇ ਤੱਕ ਮੀਡੀਆ ਜਾਂ ਜਨਤਾ ਸਾਹਮਣੇ ਕਿਉਂ ਪੇਸ਼ ਨਹੀਂ ਕੀਤੇ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਮੰਗ ਕਰਦੀ ਹੈ ਕਿ ਜੇਕਰ ਆਪ ਸਰਕਾਰ ਦੇ ਝੂਠ ਵਿੱਚ ਕੋਈ ਸੱਚਾਈ ਹੈ ਤਾਂ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਪਰ ਇਹ ਲੋਕ ਅਜਿਹਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਜਾਂਚ ਹੋਈ ਤਾਂ ਇਸ ਪੂਰੇ ਮਾਮਲੇ ‘ਚ ਦੋਸ਼ੀ ਕੇਜਰੀਵਾਲ ਅਤੇ ਰਾਘਵ ਚੱਢਾ ਡਾ ਨਾਮ ਸਾਹਮਣੇ ਆ ਜਾਵੇਗਾ। ਸ਼ਰਮਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਇਜਲਾਸ ਸੱਦਣਾ ਹੁੰਦਾ ਤਾਂ ਉਹ ਰੇਤਾ-ਬੱਜਰੀ ਦੇ ਮੁੱਦੇ ‘ਤੇ, ਪੰਜਾਬ ‘ਚ ਵਗਦੇ ਨਸ਼ਿਆਂ ਦੇ ਦਰਿਆ ਨੂੰ ਰੋਕਣ ਅਤੇ ਨਸ਼ਿਆਂ ਕਾਰਨ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ, ਪੰਜਾਬ ‘ਚ ਫੈਲੇ ਜੰਗਲਰਾਜ, ਪੰਜਾਬ ‘ਚ ‘ਆਪ’ ਦੇ ਭ੍ਰਿਸ਼ਟ ਮੰਤਰੀਆਂ ਖਿਲਾਫ ਕਾਰਵਾਈ ਕਰਨ, ਪੰਜਾਬ ਦੀ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਬੁਲਾਉਂਦੇ ਵਿਚਾਰ-ਵਟਾਂਦਰਾ ਕਰਦੇ। ਪਰ ਕੇਜਰੀਵਾਲ ਨੂੰ ਖੁਸ਼ ਕਰਨ ਲਈ ਭਗਵੰਤ ਮਾਨ ਵੱਲੋਂ ਸੈਸ਼ਨ ਬੁਲਾਇਆ ਗਿਆ ਸੀ, ਜਿਸ ਨੂੰ ਮਾਨਯੋਗ ਰਾਜਪਾਲ ਨੇ ਆਪਣੀ ਸੰਵਿਧਾਨਕ ਤਾਕਤ ਦੀ ਵਰਤੋਂ ਕਰਕੇ ਰੋਕ ਦਿੱਤਾ ਹੈ, ਜਿਸ ਲਈ ਭਾਜਪਾ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਕਿਉਂਕਿ ਮਾਨਯੋਗ ਰਾਜਪਾਲ ਦੇ ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ ਦੇ ਟੈਕਸਾਂ ਦੇ ਕਰੋੜਾਂ ਰੁਪਏ ਬਰਬਾਦ ਹੋਣ ‘ਤੋਂ ਬਚ ਗਏ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਸ ਭਰੋਸੇ ‘ਤੇ ਲੋਕਾਂ ਨੇ ਆਪਣੀ ਵੋਟ ‘ਆਪ’ ਸਰਕਾਰ ਨੂੰ ਦਿੱਤੀ ਸੀ, ਉਸ ਨੂੰ ਪੂਰਾ ਕਰਨ ਤੋਂ ਭਗਵੰਤ ਮਾਨ ਸਰਕਾਰ ਭੱਜ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੀ ਵੋਟ ਅਤੇ ਵਿਸ਼ਵਾਸ ਨੂੰ ਗਿਰਵੀ ਰਖ ਦਿੱਤਾ ਹੈ। ਦਿੱਲੀ ਤੋਂ ਚੱਲ ਰਹੀ ਭਗਵੰਤ ਮਾਨ ਸਰਕਾਰ ਕਿਸੇ ਵੀ ਸੰਵਿਧਾਨ ਅਤੇ ਕਾਨੂੰਨ ਨੂੰ ਨਹੀਂ ਮੰਨਦੀ, ਉਹਨਾਂ ਲਈ ਸਿਰਫ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਕਹਿਣਾ ਹੀ ਸੰਵਿਧਾਨ ਅਤੇ ਕਾਨੂੰਨ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਅਜਿਹਾ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦੇਵੇਗੀ। ਭਾਜਪਾ ਇਸ ਲਈ ਲੜਦੀ ਰਹੇਗੀ। ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਲੜਦੀ ਰਹੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ। ਅੱਜ ਵੀ ਪੰਜਾਬ ਦੀ ਝੂਠੀ, ਨਿਕੰਮੀ ਅਤੇ ਡਰਾਮੇਬਾਜ਼ ਸਰਕਾਰ ਨੂੰ ਉਸਦੇ ਝੂਠ ਦਾ ਸ਼ੀਸ਼ਾ ਦਿਖਾਉਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਰੋਸ ਮਾਰਚ ਕੱਢਿਆ ਗਿਆ ਹੈ।
ਰੋਸ ਮਾਰਚ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਰਾਣਾ ਗੁਰਮੀਤ ਸਿੰਘ ਸੋਢੀ, ਫਤਿਹਜੰਗ ਸਿੰਘ ਬਾਜਵਾ, ਤੀਕਸ਼ਨ ਸੂਦ, ਮਨੋਰੰਜਨ ਕਾਲੀਆ ਆਦਿ ਸਮੇਤ ਕਈ ਦਿੱਗਜ ਆਗੂਆਂ ਨੇ ਰੈਲੀ ਵਿੱਚ ਮੌਜੂਦ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ, ਬਿਕਰਮਜੀਤ ਸਿੰਘ ਚੀਮਾ, ਰਜਿੰਦਰ ਮੋਹਨ ਸਿੰਘ ਛੀਨਾ ਆਦਿ ਹਾਜ਼ਰ ਸਨI