ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਐਤਵਾਰ ਨੂੰ ਜਾਣੋ ਕਿਥੇ ਕਿਥੇ
ਜਲੰਧਰ,14ਅਕਤੂਬਰ ਕਰਨਬੀਰ ਸਿੰਘ।
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਨੂੰ ਹੋਰ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਲਈ 16 ਅਕਤੂਬਰ ਨੂੰ ਜ਼ਿਲ੍ਹੇ ਦੇ ਸਮੁੱਚੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਐਤਵਾਰ ਨੂੰ ਲਗਾਏ ਜਾ ਰਹੇ ਕੈਂਪ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ 6-ਬੀ ਵਿੱਚ ਆਧਾਰ ਨੰਬਰ ਇਕੱਤਰ ਕੀਤੇ ਜਾਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕਰਨਾ ਵੋਟਰ ਦੀ ਸਵੈ-ਇੱਛਾ ’ਤੇ ਨਿਰਭਰ ਹੈ। ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਉਹ ਆਪਣਾ ਆਧਾਰ ਕਾਰਡ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਉਹ ਆਪਣੀ ਵੋਟ ਦੀ ਪ੍ਰਮਾਣਿਕਤਾ ਲਈ ਫਾਰਮ-6 ਬੀ ਵਿੱਚ ਸੂਚੀਬੱਧ 11 ਹੋਰ ਦਸਤਾਵੇਜ਼ਾਂ ਵਿੱਚੋਂ ਇਕ ਸਵੈ ਤਸਦੀਕੀ ਦਸਤਾਵੇਜ਼ ਜਮ੍ਹਾ ਕਰਵਾ ਸਕਦਾ ਹੈ
ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਗਰੁੱਪ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਆਧਾਰ ਡਾਟਾ ਇਕੱਤਰ ਕਰਨ ਲਈ ਹਰੇਕ ਮਹੀਨੇ ਦੇ ਇਕ ਐਤਵਾਰ ਨੂੰ ਅਜਿਹੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ 20 ਨਵੰਬਰ, 4 ਦਸੰਬਰ, 8 ਜਨਵਰੀ 2023, 5 ਫਰਵਰੀ 2023 ਅਤੇ 5 ਮਾਰਚ 2023 ਨੂੰ ਵੀ ਅਜਿਹੇ ਕੈਂਪ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਇਸ ਮੁਹਿੰਮ/ਕੈਂਪਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।