ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟਾਂ ਦੀ ਸਿਰਜਣਾ ਲਈ ਕਾਰਵਾਈਆਂ ਜਾਰੀ- ਰਣਜੀਤ ਸਿੰਘ ਚੀਮਾ
ਅਬੋਹਰ, ਫਾਜ਼ਿਲਕਾ,16ਦਸੰਬਰ। ਦੋਆਬਾ ਦਸਤਕ ਨਿਊਜ਼। (ਸੁਖਵਿੰਦਰ ਪ੍ਰਦੇਸੀ)ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਵੱਲੋਂ ਅੱਜ ਹਲਕਾ ਅਬੋਹਰ ਦੇ ਪਿੰਡ ਕਿੱਲਿਆਂਵਾਲੀ ਵਿਖੇ ਪਹੁੰਚ ਕੀਤੀ ਗਈ ਜਿਥੇ ਉਨ੍ਹਾਂ ਸਰਹਿੰਦ ਫੀਡਰ ਕੈਨਾਲ ਸਿਸਟਮ ਅਧੀਨ ਲਾਇਨਿੰਗ ਅਤੇ ਰੀਲਾਇਨਿੰਗ ਦੇ ਕੰਮਾਂ ਵਾਸਤੇ 34 ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ । ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ 125 ਮੋਗੇ ਅਤੇ 228 ਕਿਲੋਮੀਟਰ ਰਕਬਾ ਕਵਰ ਹੋਣਗੇ।
ਇਸ ਮੌਕੇ ਚੇਅਰਮੈਨ ਚੀਮਾ ਨੇ ਕਿਹਾ ਕਿ ਹਲਕਾ ਅਬੋਹਰ ਅਧੀਨ ਬਕਾਇਆ ਪਏ ਖਾਲਿਆ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ ਹੈ ਬਾਕੀ ਰਹਿੰਦੇ ਕੰਮ ਵੀ ਜਲਦ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਵਾਸੀਆਂ ਦੀ ਭਲਾਈ ਲਈ ਵਚਨਬਧ ਹੈ ਤੇ ਪਿੰਡ ਦੇ ਵਸਨੀਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਤਰਜੀਹ ਦਿੰਦਿਆਂ ਲਗਾਤਾਰ ਲੋਕ ਹਿਤ ਕੰਮਾਂ ਨੂੰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਪਿੰਡਾਂ ਅੰਦਰ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟਾਂ ਦੀ ਸਿਰਜਣਾ ਕੀਤੀ ਜਾਵੇ ਜਿਸ ਨਾਲ ਪਿੰਡ ਦੇ ਲੋਕ ਸਹੂਲਤਾਂ ਤੋਂ ਵਾਂਝੇ ਨਾ ਰਹਿਣ । ਉਨ੍ਹਾਂ ਕਿਹਾ ਕਿ ਹਲਕਾ ਬੱਲੂਆਣਾ ਤੇ ਫ਼ਾਜ਼ਿਲਕਾ ਵਿਖੇ ਵੀ ਵਿਕਾਸ ਪ੍ਰੋਜੈਕਟ ਬਣਾਉਣ ਦੀ ਤਜਵੀਜ ਭੇਜੀ ਗਈ ਹੈ ਉਨਾਂ ਨੂੰ ਪਾਸ ਕਰਵਾ ਕੇ ਉਹ ਵੀ ਜਲਦੀ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ।
ਇਸ ਦੌਰਾਨ ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਹਲਕਾ ਇੰਚਾਰਜ ਅਬੋਹਰ ਦੀਪ ਕੰਬੋਜ ਵੱਲੋਂ ਚੇਅਰਮੈਨ ਰਣਜੀਤ ਸਿੰਘ ਚੀਮਾ ਦਾ ਸਵਾਗਤ ਕੀਤਾ।
ਇਸ ਮੌਕੇ ਉਪਕਾਰ ਸਿੰਘ ਜਾਖੜ ਕਿਲਿਆਂ ਵਾਲੀ, ਚਰਨਜੀਤ ਸਿੰਘ ਸਰਾਂ ਤੋਂ ਇਲਾਵਾ ਵਿਭਾਗੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।