ਕਮਿਸ਼ਨਰੇਟ ਪੁਲਿਸ ਨੇ ਕਾਜ਼ੀ ਮੰਡੀ ਇਲਾਕੇ ਵਿੱਚ ਛੇ ਘੰਟੇ ਤੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ
ਜਲੰਧਰ, 8, ਜਨਵਰੀ- ਡੀਡੀ ਨਿਊਜ਼ ਪੇਪਰ ।ਸ਼ਹਿਰ ਵਿੱਚ ਜੁਰਮ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਵਧੀਕ ਪੁਲਿਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਸ੍ਰੀ ਐਲ ਕੇ ਯਾਦਵ ਅਤੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਕਾਜ਼ੀ ਮੰਡੀ ਇਲਾਕੇ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ।
.
ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਰਚ ਆਪ੍ਰੇਸ਼ਨ ਸ਼ਹਿਰ ਵਿੱਚ ਨਸ਼ਿਆਂ ਦੀ ਰੋਕਥਾਮ ਲਈ CASO ਮੁਹਿੰਮ ਦਾ ਇੱਕ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਕਾਜ਼ੀ ਮੰਡੀ ਵਿੱਚ ਚਲਾਈ ਗਈ ਮੁਹਿੰਮ ਦਾ ਉਦੇਸ਼ ਜੁਰਮ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨਾ ਅਤੇ ਇਲਾਕੇ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਸੱਤ ਅਧਿਕਾਰੀਆਂ ਦੀ ਕਮਾਂਡ ਹੇਠ ਕੁੱਲ 350 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਜਿਨ੍ਹਾਂ ਨੇ ਕਾਜ਼ੀ ਮੰਡੀ ਵਿੱਚ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ 6 ਘੰਟੇ ਤੱਕ ਇਨ੍ਹਾਂ ਪੁਲਿਸ ਪਾਰਟੀਆਂ ਨੇ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਦੇ ਮੁੱਖ ਉਦੇਸ਼ ਨਾਲ ਇਲਾਕੇ ਦੀ ਵਿਆਪਕ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਉਣ ਲਈ ਕੁੱਲ 48 ਸਰਚ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰਨ ਲਈ ਇਲਾਕੇ ਦੀ ਚਾਰਦੀਵਾਰੀ ‘ਤੇ 18 ਨਾਕੇ ਲਗਾਏ ਗਏ ਸਨ, ਜਿਨ੍ਹਾਂ ਦੀ ਵਿਆਪਕ ਤਲਾਸ਼ੀ ਲਈ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ 48 ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਜਿਨ੍ਹਾਂ ਦੀ ਨਸ਼ਾ ਤਸਕਰੀ ਲਈ ਬਦਨਾਮ ਸੀ। ਉਨ੍ਹਾਂ ਕਿਹਾ ਕਿ 6 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਜਲੰਧਰ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਸ਼ਹਿਰ ਬਣਾਉਣਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇੱਕ ਪੇਟੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਰਹੀ ਹੈ।