ਵੂਮੈਨ ਸੈੱਲ ਵਿੱਚ ਸਵੇਰ ਤੋਂ ਲੈਕੇ ਰੌਲਾ ਪੈਂਦਾ ਰਿਹਾ ਕੁੜੀ ਮੁੰਡੇ ਦੇ ਕੇਸ ਦਾ ਕੋਈ ਹੱਲ ਨਾ ਨਿੱਕਲੇ
11/ਨਵੰਬਰ (ਡੀਡੀ ਨਿਊਜ਼ਪੇਪਰ) ਵੂਮੈਨ ਸੈੱਲ ਵਿੱਚ ਸਵੇਰ ਤੋਂ ਲੈਕੇ ਰੌਲਾ ਪੈਂਦਾ ਰਿਹਾ ਕੁੜੀ ਮੁੰਡੇ ਦੇ ਕੇਸ ਦਾ ਕੋਈ ਹੱਲ ਨਾ ਨਿੱਕਲੇ। ਕੁੜੀ ਵਾਲਾ ਪਰਿਵਾਰ ਪੈਰਾਂ ਤੇ ਪਾਣੀ ਨਾ ਪੈਣ ਦੇਵੇ, ਕਦੇ ਮੁੰਡੇ ਦੇ ਪਿਓ ਵੱਲ ਹੋ ਜਾਣ ਕਦੇ ਮਾਂ ਵੱਲ ਅਤੇ ਕਦੇ ਮੁੰਡੇ ਵੱਲ ਉਹ ਟੁੱਟ ਟੁੱਟ ਕੇ ਪੈਣ ਪਰ ਮੁੰਡੇ ਦਾ ਪਰਿਵਾਰ ਹੱਥ ਬੰਨੀ ਬੈਠਾ ਸ਼ਾਇਦ ਮਨ ਵਿੱਚ ਏਹੀ ਸੋਚ ਰਿਹਾ ਸੀ ਕਿ ਰਿਸ਼ਤੇ ਰੋਜ਼ ਰੋਜ਼ ਜੋੜਨੇ ਕਿਹੜਾ ਸੌਖੇ ਐ ਜੇ ਕਿਵੇਂ ਨਾ ਕਿਵੇਂ ਮੁੰਡੇ ਦਾ ਘਰ ਵੱਸਦਾ ਰਹਿ ਜਾਵੇ, ਸਾਲ ਡੂਢ ਸਾਲ ਤੱਕ ਕੋਈ ਨਿਆਣਾ ਨਿੱਕਾ ਹੋ ਜਾਵੇਗਾ ਫੇਰ ਆਪੇ ਨੂੰਹ ਦਾ ਘਰ ਵਿੱਚ ਮੋਹ ਪੈ ਜਾਣਾ ਹੈ। ਕੁੜੀ ਵਾਲਿਆਂ ਵੱਲੋਂ ਕਿੰਨੇ ਹੀ ਤਾਅਨੇ ਮਿਹਣੇ ਮਾਰਨ ਦੇ ਬਾਵਜੂਦ ਮੁੰਡੇ ਦਾ ਪਰਿਵਾਰ ਇੱਕ ਲਫ਼ਜ਼ ਵੀ ਮੂੰਹੋਂ ਨਾ ਬੋਲਿਆ। ਵੂਮੈਨ ਸੈੱਲ ਦੇ ਇੰਚਾਰਜ ਮੈਡਮ ਇੰਸਪੈਕਟਰ ਅਤੇ ਬਾਕੀ ਮੁਲਾਜ਼ਮ ਵੀ ਕੁੜੀ ਵਾਲਿਆਂ ਦਾ ਏਹ ਵਤੀਰਾ ਲਗਾਤਾਰ ਦੇਖ ਰਹੇ ਸਨ ਤੇ ਵਿੱਚ ਵਿੱਚ ਦੀ ਕੁੜੀ ਦੀ ਮਾਂ ਨੂੰ ਟੋਕਦੇ ਵੀ ਸਨ ਕਿ ਧੀ ਵਾਲਿਆਂ ਨੂੰ ਗੱਲ ਸੋਚ ਸਮਝ ਕੇ ਕਹਿਣੀ ਚਾਹੀਦੀ ਹੈ ਫੇਰ ਵੀ ਉਹ ਥੋਡਾ ਜਵਾਈ ਹੈ ਪਰ ਕੁੜੀ ਦੀ ਮਾਂ ਤਾਂ ਜਿਵੇਂ ਕੋਈ ਜੰਗ ਜਿੱਤਣ ਆਈ ਹੋਵੇ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਉਨ੍ਹਾਂ ਦੀ ਗੱਲ ਦਾ। ਅਖੀਰ ਏਸ ਰੌਲੇ ਰੱਪੇ ਤੋਂ ਤੰਗ ਆ ਕੇ ਇੰਸਪੈਕਟਰ ਮੈਡਮ ਨੇ ਸਭ ਨੂੰ ਚੁੱਪ ਕਰਾਉਂਦਿਆਂ ਕਿਹਾ ਕਿ ਮੁੰਡਾ ਕੁੜੀ ਨੂੰ ਛੱਡਕੇ ਤੁਸੀਂ ਸਾਰੇ ਜਣੇ ਦਫ਼ਤਰ ਤੋਂ ਬਾਹਰ ਜਾਉ ਅਸੀਂ ਏਹਨਾਂ ਨਾਲ ਗੱਲ ਕਰ ਲਈਏ ਫੇਰ ਥੋਨੂੰ ਬੁਲਾਵਾਂਗੇ। ਇਹ ਸੁਣਦਿਆਂ ਕੁੜੀ ਦੀ ਮਾਂ ਬੋਲੀ ਕਿ ਨਹੀਂ ਜੀ ਮੇਰੀ ਧੀ ਤਾਂ ਭੋਲੀ ਹੈ ਏਹ ਤਾਂ ਕਿਸੇ ਦੀਆਂ ਵੀ ਗੱਲਾਂ ਵਿੱਚ ਆ ਜਾਂਦੀ ਹੈ ਇਸ ਲਈ ਮੈਂ ਏਹਦੇ ਨਾਲ ਹੀ ਬੈਠਾਂਗੀ ਮੇਰੀ ਹਾਜ਼ਰੀ ਵਿੱਚ ਕਰੋ ਗੱਲ ਜਿਹੜੀ ਕਰਨੀ ਹੈ ਏਹ ਸੁਣਦਿਆਂ ਹੀ ਇੰਸਪੈਕਟਰ ਮੈਡਮ ਕੁੜੀ ਦੀ ਮਾਂ ਨੂੰ ਟੁੱਟ ਕੇ ਪੈ ਗਏ ਕਿ ਫੇਰ ਤੂੰ ਏਹਨੂੰ ਵਿਆਹਿਆ ਵੀ ਕਾਹਨੂੰ ਐਂ ਆਪਣੇ ਘਰੇਂ ਹੀ ਰੱਖਦੀ ਆਪਣੇ ਨਾਲ, ਏਹ ਕੇਸ ਸਾਡੇ ਕੋਲ ਹੈ ਅਸੀਂ ਦੇਖਾਂਗੇ ਕੀ ਕਰਨਾ ਹੈ ਕੀ ਨਹੀਂ ਚੁੱਪ ਕਰਕੇ ਬਾਹਰ ਨਿਕਲ ਏਹ ਦੋਵੇਂ ਪਤੀ ਪਤਨੀ ਹੀ ਬੈਠਣਗੇ ਏਥੇ। ਮੈਡਮ ਦਾ ਗੁੱਸੇ ਵਾਲਾ ਰੂਪ ਦੇਖਕੇ ਕੁੜੀ ਦੀ ਮਾਂ ਮਿੰਟ ਵਿੱਚ ਬਾਹਰ ਨਿਕਲ ਗਈ। ਫੇਰ ਇੰਸਪੈਕਟਰ ਮੈਡਮ ਅਤੇ ਉਨ੍ਹਾਂ ਦੇ ਸਹਿਯੋਗੀ ਥਾਣੇਦਾਰ ਸਾਹਿਬ ਨੇ ਜਦੋਂ ਮੁੰਡੇ ਕੁੜੀ ਨੂੰ ਵਾਰੀ ਵਾਰੀ ਪੁੱਛਿਆ ਕਿ ਥੋਨੂੰ ਕੀ ਤਕਲੀਫ ਹੈ ਇੱਕ ਦੂਜੇ ਕੋਲੋਂ ਤਾਂ ਦੋਵਾਂ ਨੇ ਵਾਰੀ ਵਾਰੀ ਜਵਾਬ ਦਿੱਤਾ ਕਿ ਕੋਈ ਤਕਲੀਫ ਨਹੀਂ। ਤਾਂ ਫਿਰ ਜਦੋਂ ਕੁੜੀ ਨੂੰ ਪੁਛਿਆ ਕਿ ਅਗਰ ਤੈਨੂੰ ਮੁੰਡੇ ਤੋਂ ਕੋਈ ਵੀ ਤਕਲੀਫ ਨਹੀਂ ਹੈ ਫੇਰ ਏਹ ਕਲੇਸ਼ ਐਨਾ ਕਿਵੇਂ ਵਧਿਆ ਜੋ ਗੱਲ ਸਾਡੇ ਤੱਕ ਆ ਗਈ ਤਾਂ ਕੁੜੀ ਨੇ ਦੱਸਿਆ ਕਿ ਸਾਡੇ ਵਿੱਚ ਛੋਟੀ ਮੋਟੀ ਤਕਰਾਰ ਹੋ ਰਹੀ ਸੀ ਤਾਂ ਅਚਾਨਕ ਉਸੇ ਵੇਲੇ ਮੇਰੀ ਮਾਂ ਮੈਨੂੰ ਮਿਲਣ ਆਈ ਸੀ ਅਤੇ ਉਸ ਨੇ ਏਸ ਤਕਰਾਰ ਨੂੰ ਵੱਡੇ ਕਲੇਸ਼ ਦਾ ਰੂਪ ਦੇ ਦਿੱਤਾ ਅਤੇ ਮੈਨੂੰ ਆਪਣੇ ਨਾਲ ਮੇਰੇ ਪੇਕੇ ਘਰ ਲੈ ਗਈ , ਫੇਰ ਮੁੰਡੇ ਵਾਲੇ ਪੰਚਾਇਤ ਲੈਕੇ ਜਦੋਂ ਵੀ ਸਾਡੇ ਘਰ ਆਏ ਤਾਂ ਮੇਰੀ ਮਾਂ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੀ ਸੀ ਅਤੇ ਆਪ ਉਹ ਜਵਾਬ ਦੇ ਦਿੰਦੀ ਕਿ ਅਸੀਂ ਨਹੀਂ ਕੁੜੀ ਤੋਰਦੇ। ਤਾਂ ਫਿਰ ਮੁੰਡੇ ਵਾਲਿਆਂ ਨੇ ਐਸ ਐਸ ਪੀ ਸਾਹਿਬ ਕੋਲ ਅਰਜ਼ੀ ਦਿੱਤੀ ਜੋ ਤੁਹਾਡੇ ਕੋਲ ਆਈ। ਏਹ ਸੁਣ ਕੇ ਇੰਸਪੈਕਟਰ ਮੈਡਮ ਨੇ ਕੁੜੀ ਨੂੰ ਪੁਛਿਆ ਕਿ ਤੂੰ ਆਪਣੇ ਸਹੁਰੇ ਪਰਿਵਾਰ ਵੱਸਣਾ ਚਾਹੁੰਦੀ ਐਂ ? ਤਾਂ ਕੁੜੀ ਨੇ ਕਿਹਾ ਕਿ ਹਾਂ ਮੈਂ ਉੱਥੇ ਖੁਸ਼ ਹਾਂ। ਫੇਰ ਮੁੰਡੇ ਨੂੰ ਪੁਛਿਆ ਕਿ ਤੂੰ ਕੁੜੀ ਨੂੰ ਵਸਾਉਣਾ ਚਾਹੁੰਦਾ ਐਂ? ਤਾਂ ਮੁੰਡਾ ਕਹਿੰਦਾ ਮੈਡਮ ਮੈ ਅਤੇ ਮੇਰੇ ਮਾਪੇ ਏਸੇ ਕਰਕੇ ਉਦੋਂ ਕੁੱਝ ਨਹੀਂ ਬੋਲੇ ਜਦੋਂ ਏਹਦੀ ਮਾਂ ਸਾਨੂੰ ਪੁੱਠਾ ਸਿੱਧਾ ਬੋਲ ਰਹੀ ਸੀ ਕਿਉਂਕਿ ਅਸੀਂ ਏਹਨੂੰ ਵਸਾਉਣਾ ਚਾਹੁੰਦੇ ਹਾਂ। ਤਾਂ ਇੰਸਪੈਕਟਰ ਮੈਡਮ ਨੇ ਉਸੇ ਵੇਲੇ ਆਪਣੇ ਸਹਿਯੋਗੀ ਥਾਣੇਦਾਰ ਨੂੰ ਆਖਿਆ ਕਿ ਏਹਨਾਂ ਦੋਹਾਂ ਦੇ ਬਿਆਨ ਲਿਖੋ ਕਿ ਇਹ ਦੋਵੇਂ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਐ ਏਹਨਾਂ ਦਾ ਕੋਈ ਮਸਲਾ ਨਹੀਂ ਹੈ ਹੁਣ। ਜਦੋਂ ਬਿਆਨ ਲਿਖਿਆ ਗਿਆ ਦੋਵਾਂ ਦੇ ਦਸਖਤ ਹੋ ਗਏ ਅਤੇ ਬਾਹਰ ਖ਼ੜ੍ਹੇ ਦੋਵੇਂ ਪਰਿਵਾਰਾਂ ਦੇ ਬਾਕੀ ਮੈਂਬਰਾਂ ਨੂੰ ਅੰਦਰ ਬੁਲਾ ਕੇ ਦੱਸਿਆ ਕਿ ਇਹ ਮਸਲਾ ਹੱਲ ਹੋ ਗਿਆ ਹੈ ਤਾਂ ਕੁੜੀ ਦੀ ਮਾਂ ਨੇ ਫੇਰ ਰੌਲਾ ਪਾ ਲਿਆ ਆਪਣੀ ਧੀ ਨੂੰ ਕਹਿੰਦੀ ਕਿ ਤੂੰ ਮੇਰੀ ਲਾਸ਼ ਉੱਤੋਂ ਦੀ ਲੰਘ ਕੇ ਹੀ ਉਸ ਘਰੇ ਜਾਵੇਂਗੀ ਤਾਂ ਇੰਸਪੈਕਟਰ ਮੈਡਮ ਕਹਿੰਦੇ ਦੱਸ ਤੂੰ ਕਿਵੇਂ ਮਰਨਾ ਪਸੰਦ ਕਰੇਂਗੀ ਮੈਂ ਉਸੇ ਮੌਤ ਦਾ ਹੱਲ ਕਰਦੀ ਹਾਂ ਕਿਉਂਕਿ ਹੁਣ ਕੁੜੀ ਤਾਂ ਉੱਥੇ ਹੀ ਜਾਵੇਗੀ ਪਰ ਪਹਿਲਾਂ ਤੇਰੀ ਲਾਸ਼ ਬਣਾ ਦੇਈਏ। ਜਦੋਂ ਪੁਲਸੀਆ ਲਹਿਜੇ ਵਿੱਚ ਮੈਡਮ ਨੇ ਆਪਣੇ ਸਹਿਯੋਗੀ ਥਾਣੇਦਾਰ ਨੂੰ ਆਖਿਆ ਕਿ ਏਹਦਾ ਹੱਲ ਕਰੋ ਹੁਣ ਛੇਤੀ ਮੈਨੂੰ ਏਹਦੀ ਲਾਸ਼ ਚਾਹੀਦੀ ਹੈ ਤਾਂ ਕਿ ਮੈਂ ਕੁੜੀ ਨੂੰ ਤੋਰ ਸਕਾਂ। ਬੱਸ ਫਿਰ ਕੁੜੀ ਦੀ ਮਾਂ ਨੂੰ ਲੱਗਿਆ ਕਿ ਮੇਰੇ ਚਲਿੱਤਰ ਹੁਣ ਚੱਲਣੇ ਨਹੀਂ ਏਥੇ, ਤਾਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸਾਈਡ ਤੇ ਲਿਜਾ ਕੇ ਗੱਲ ਕਰਨ ਦਾ ਡਰਾਮਾ ਜਿਹਾ ਕੀਤਾ ਅਤੇ ਫੇਰ ਆਪਣੇ ਘਰ ਵਾਲੇ ਤੋਂ ਕਹਾ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਜੀ ਸਾਨੂੰ ਵੀ ਫੈਸਲਾ ਮਨਜ਼ੂਰ ਹੈ ਏਹ ਨਹੀਂ ਬੋਲਦੀ ਕੁੱਝ। ਏਹ ਸੁਣਕੇ ਮੈਡਮ ਕਹਿੰਦੇ ਸਿਰਫ ਅੱਜ ਦੀ ਗੱਲ ਨਹੀਂ ਜੇ ਫੇਰ ਵੀ ਕਦੇ ਮੈਨੂੰ ਪਤਾ ਲੱਗਿਆ ਕਿ ਤੂੰ ਏਹਨਾਂ ਦੀ ਜ਼ਿੰਦਗੀ ਵਿੱਚ ਦਖਲ ਦੇ ਰਹੀਂ ਐ ਤੈਨੂੰ ਮੈਂ ਜੇਲ੍ਹ ਵਿੱਚ ਸੁੱਟਣਾ ਹੈ। ਬੱਸ ਫਿਰ ਸਾਰਿਆਂ ਨੇ ਫ਼ੈਸਲੇ ਤੇ ਦਸਖਤ ਕਰ ਦਿੱਤੇ। ਕੁੜੀ ਆਪਣੇ ਸਹੁਰੇ ਪਰਿਵਾਰ ਨਾਲ ਚਲੀ ਗਈ।ਨੋਟ: ਏਹ ਸੱਚੀ ਘਟਨਾ ਹੈ ਜੋ ਮੇਰੇ ਸਾਹਮਣੇ ਵਾਪਰੀ। ਮੈਂ ਏਸ ਤਰ੍ਹਾਂ ਦੇ ਬਹੁਤ ਕੇਸ ਦੇਖੇ ਐ ਜਿੱਥੇ ਮਾਵਾਂ ਹੀ ਧੀਆਂ ਦੇ ਘਰ ਨਹੀਂ ਵੱਸਣ ਦਿੰਦੀਆਂ ਕੀ ਤੁਸੀਂ ਵੀ ਏਹੋ ਜਿਹੇ ਕੇਸ ਦੇਖੇ ਜਾ ਸੁਣੇ ਐ ਕੁਮੈਂਟਾਂ ਵਿੱਚ ਜਰੂਰ ਦੱਸੋ।







