ਪੈਪਸੀਕੋ ਇੰਡੀਆ ਚੰਨੋ ਵੱਲੋ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ।
ਭਵਾਨੀਗੜ੍ਹ, 27 ਮਾਰਚ (ਕ੍ਰਿਸ਼ਨਾ ਚੌਹਾਨ)-ਪੈਪਸੀਕੋ ਇੰਡੀਆ ਹੋਲਡਿੰਗਜ਼ ਸਨੈਕਸ ਡਿਵੀਜ਼ਨ ਚੰਨੋ ਵੱਲੋਂ ਪਲਾਂਟ ਵਿੱਚ ਮਜ਼ਦੂਰਾਂ ਦੇ ਬੱਚਿਆਂ ਦੇ ਉੱਜਵਲ ਭਵਿੱਖ ਅਤੇ ਮਾਰਗਦਰਸ਼ਨ ਲਈ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੈਰੀਅਰ ਕਾਊਂਸਲਰ ਨੇ ਬੱਚਿਆਂ ਨੂੰ ਅੱਗੇ ਵਧਣ ਦੇ ਵਡਮੁੱਲੇ ਤਰੀਕੇ ਦੱਸੇ। ਪ੍ਰੋਗਰਾਮ ਦਾ ਉਦਘਾਟਨ ਕੰਪਨੀ ਦੇ ਪਲਾਂਟ ਮੈਨੇਜਰ ਯੋਗੇਸ਼ ਤਿਆਗੀ, ਅਭਿਸ਼ੇਕ ਸੈਣੀ ਮੈਨੇਜਰ ਐਚ.ਆਰ ਅਤੇ ਸੰਦੀਪ ਬਾਂਸਲ ਮੈਨੇਜਰ ਕਰਮਚਾਰੀ ਭਲਾਈ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਪ੍ਰੋਗਰਾਮ ਦੌਰਾਨ ਕੌਂਸਲਰ ਸੁਰਿੰਦਰਪਾਲ ਅਤੇ ਦਿ ਪੀਪਲ ਡਿਵੈਲਪਰਜ਼ ਚੰਡੀਗੜ੍ਹ ਦੇ ਸੰਸਥਾਪਕ ਨਿਸ਼ਾਂਤ ਮਹਾਜਨ ਨੇ ਕਿਹਾ ਕਿ ਸੁਪਨੇ ਇੱਕ ਦਿਨ ਵਿੱਚ ਸਾਕਾਰ ਨਹੀਂ ਹੁੰਦੇ, ਇਸ ਲਈ ਸਾਨੂੰ ਉਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਕੀ ਜ਼ਰੂਰੀ ਹੈ। ਕਰੀਅਰ ਦੀ ਤਿਆਰੀ ਬਾਰੇ ਜਾਣਕਾਰੀ ਦਿੰਦਿਆਂ ਨਿਸ਼ਾਂਤ ਮਹਾਜਨ ਨੇ ਕਿਹਾ ਕਿ ਅੱਜ ਤਕਨਾਲੋਜੀ ਅਤੇ ਸੂਚਨਾ ਦਾ ਯੁੱਗ ਹੈ, ਇਸ ਲਈ ਸਾਨੂੰ ਇਸ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਸਾਡਾ ਚੰਗਾ ਦੋਸਤ ਬਣ ਸਕਦਾ ਹੈ ਜੇਕਰ ਇਸ ਦੀ ਵਰਤੋਂ ਕਰੀਅਰ ਦੀ ਤਿਆਰੀ ਅਤੇ ਹੋਰ ਗਿਆਨ ਹਾਸਲ ਕਰਨ ਲਈ ਕੀਤੀ ਜਾਵੇ। ਮੋਬਾਈਲ ਦੀ ਵਰਤੋਂ ਬੇਲੋੜੀ ਸਮੱਗਰੀ ਦੇਖਣ ਵਿੱਚ ਆਪਣਾ ਸਮਾਂ ਬਰਬਾਦ ਕਰਨ ਲਈ ਨਹੀਂ ਕਰਨੀ ਚਾਹੀਦੀ। ਸੈਸ਼ਨ ਦੌਰਾਨ ਉਨ੍ਹਾਂ ਨੇ ਕੁਝ ਵੀਡੀਓਜ਼ ਅਤੇ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੇ ਕਰੀਅਰ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵੀ ਦੱਸਿਆ। ਪ੍ਰੋਗਰਾਮ ਦੇ ਅੰਤ ਵਿੱਚ ਪਲਾਂਟ ਮੈਨੇਜਰ ਯੋਗੇਸ਼ ਤਿਆਗੀ ਨੇ ਬੱਚਿਆਂ ਨੂੰ ਮਾਰਗਦਰਸ਼ਨ ਅਤੇ ਕਾਊਂਸਲਿੰਗ ਵਿੱਚ ਦੱਸੇ ਨੁਕਤਿਆਂ ਨੂੰ ਅਪਣਾ ਕੇ ਜੀਵਨ ਸਫ਼ਲ ਬਣਾਉਣ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੈਪਸੀਕੋ ਵਰਕਰਜ਼ ਯੂਨੀਅਨ ਦੇ ਆਗੂ ਸੁਖਚੈਨ ਸਿੰਘ ਅਤੇ ਕ੍ਰਿਸ਼ਨ ਸਿੰਘ ਵੀ ਹਾਜ਼ਰ ਸਨ।