‘ਸਿੱਖ ਸਦਭਾਵਨਾ ਦਲ’ ਆਪਣਾ ਸਿਆਸੀ ਮੁਹਾਜ ਖੜ੍ਹਾ ਕਰੇਗਾ- ਭਾਈ ਵਡਾਲਾ
27/ਮਈ ,ਡੀਡੀ ਨਿਊਜ਼ਪੇਪਰ । (ਬਿਊਰੋ ਚੀਫ਼ ਇੰਦਰਜੀਤ)
‘ਸਿੱਖ ਸਦਭਾਵਨਾ ਦਲ’ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਮਸਲਿਆਂ ਲਈ ਆਪਣਾ ਸਿਆਸੀ ਅਧਾਰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਦੀ ਸ਼ੁਰੂਆਤ ਜਲੰਧਰ ਉੱਪ ਚੋਣ ਵਿਖੇ ਸਿਆਸੀ ਚੋਣ ਲੜ ਕੇ ਸ਼ੁਰੂ ਕਰ ਦਿੱਤੀ ਗਈ ਹੈ। ਆਉਂਦੇ ਸਮੇਂ ‘ਚ 2024 ਅਤੇ 2027 ਦੀਆਂ ਚੋਣਾ ਲਈ ਦਲ ਵਲੋਂ ਵੱਖਰੀ ਲੜਾਈ ਅਤੇ ਵੱਖਰਾ ਤਰੀਕਾ ਅਖਤਿਆਰ ਕਰਕੇ ਆਪਣੇ ਸਿਆਸੀ ਅਧਾਰ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾਣਗੇ। ਉਹ ਅੱਜ ਇੱਥੇ ਦਲ ਦੇ ਜਿਲ੍ਹਾ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਭਾਈ ਵਡਾਲਾ ਨੇ ਕਿਹਾ ਕਿ ਦੇਸ਼ ਅੰਦਰ ਪੰਜਾਬ ਦੀ ਵੱਖਰੀ ਪਛਾਣ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਹੋਰਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੱਖਰੀ ਅਹਿਮੀਅਤ ਹੈ, ਜਿਸ ਦੀ ਪਛਾਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨੀ ਹੋਵੇਗੀ। ਉਨ੍ਹਾਂ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਈ ਰੱਖਣ ਲਈ ਦਿੱਲੀ ਵੱਲ ਤੱਕਣ ਦੀ ਥਾਂ ਪੰਜਾਬੀਆਂ ਦੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਤੇ ਗੋਲਕ ਭਗਤਾਂ ਦਾ ਕਬਜ਼ਾ ਹੈ ਅਤੇ ਇਹ ਕਬਜ਼ਾ ਧਾਰਮਿਕ ਤੇ ਸਿਆਸੀ ਅਧਾਰ ਮਜ਼ਬੂਤ ਕਰਕੇ ਹੀ ਛੁਡਾਇਆ ਜਾ ਸਕਦਾ ਹੈ। ਪਹਿਲਾਂ ਚੁਣੇ ਸ੍ਰੋਮਣੀ ਕਮੇਟੀ ਮੈਂਬਰਾਂ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਇਹ ਕਦੇ ਨਹੀਂ ਚਾਹੁਣਗੇ ਕਿ ਇਹ ਚੋਣਾ ਮੁੜ ਹੋਣ। ਕੇਂਦਰ ਦੀ ਮੋਦੀ ਸਰਕਾਰ ਆਪਣੀ ਸਹੂਲਤ ਅਨੁਸਾਰ ਸ਼੍ਰੋਮਣੀ ਕਮੇਟੀ ਚੋਣਾ ਕਰਾਉਣ ਤੇ ਰੋਕਣ ਦਾ ਸ਼ਗੂਫਾ ਛੱਡ ਦਿੰਦੀ ਹੈ, ਜਿਸ ਨਾਲ ਲੋਕਾਂ ਵਿੱਚ ਭੰਬਲਭੁਸਾ ਬਣਿਆ ਹੋਇਆ ਹੈ। ਕੇਂਦਰ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਅਤੇ ਰੋਕਣ ਦੇ ਨਾਮ ‘ਤੇ ਵੱਖੋ ਵੱਖ ਧਿਰਾਂ ਕਾਇਮ ਕੀਤੀਆਂ ਗਈਆਂ ਹਨ ਅਤੇ ਆਪਣੀ ਜ਼ਰੂਰਤ ਅਨੁਸਾਰ ਵਰਤਿਆ ਜਾ ਰਿਹਾ ਹੈ। ਅਸਲ ਵਿੱਚ ਕੇਂਦਰ ਸਰਕਾਰ ਦੀ ਸ਼੍ਰੋਮਣੀ ਕਮੇਟੀ ਚੋਣਾ ਲਈ ਗੰਭੀਰ ਨਹੀਂ ਹੈ। ਭਾਈ ਵਡਾਲਾ ਨੇ ਕਿਹਾ ਕਿ ‘ਸਿੱਖ ਸਦਭਾਵਨਾ ਦਲ’ ਲਗਾਤਰ ਚੋਰੀ ਹੋਏ 328 ਸਰੂਪਾਂ ਅਤੇ ਚੋਰੀ ਛਪੇ ਸਰੂਪਾਂ ਸਮੇਤ ਹੋਰ ਮਸਲਿਆਂ ਦੀ ਲੜਾਈ ਲੜ ਰਿਹਾ ਹੈ, ਪਰ ਕਿਸੇ ਵੀ ਸਿਆਸੀ ਧਿਰ ਨੇ ਇਸ ਮਸਲੇ ਵਿੱਚ ਕੋਈ ਹੁੰਗਾਰਾ ਨਹੀਂ ਭਰਿਆ। ਜਿਸ ਤੋਂ ਸਪੱਸ਼ਟ ਹੈ ਕਿ ਸਿੱਖ ਕੌਮ ਦੇ ਮਸਲਿਆਂ ਪ੍ਰਤੀ ਕੋਈ ਵੀ ਧਿਰ ਗੰਭੀਰ ਨਹੀਂ ਹੈ। ਇਸ ਮੌਕੇ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ, ਭਾਈ ਗੁਰਮੇਲ ਸਿੰਘ, ਮਨਜੀਤ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।