ਸਿਹਤ ਵਿਭਾਗ ਜਣੇਪੇ ਦੌਰਾਨ ਮੌਤਾਂ ਰੋਕਣ ਲਈ ਗੰਭੀਰ- ਸਿਵਲ ਸਰਜਨ
ਫ਼ਿਰੋਜ਼ਪੁਰ, (ਰਾਕੇਸ ਕਪੂਰ)ਸਿਹਤ ਵਿਭਾਗ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਰੋਕਣ ਲਈ ਸਾਰੇ ਢੁਕਵੇਂ ਪ੍ਰਬੰਧ ਕਰਨ ਲਈ ਯਤਨਸ਼ੀਲ ਹੈ। ਇਸ ਮੰਤਵ ਲਈ ਵਿਭਾਗ ਵੱਲੋਂ ਜੱਚਾ-ਬੱਚਾ ਸੇਵਾਵਾਂ ਹੋਰ ਵਧੇਰੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਜਿੰਦਰ ਪਾਲ ਨੇ ਮੁੱਖ ਦਫ਼ਤਰ ਸਿਹਤ ਅਤੇ ਪਰਿਵਾਰ ਭਲਾਈ ਦੁਆਰਾ ਜਾਰੀ ਪੱਤਰ ਦੀ ਰੌਸ਼ਨੀ ਵਿੱਚ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਵਾਉਣ ਲਈ ਜ਼ਿਲ੍ਹੇ ਵਿੱਚ ਆਉਂਦੇ ਸਾਰੇ ਹਸਪਤਾਲਾਂ ਨੂੰ ਪੱਤਰ ਜਾਰੀ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਅਨੁਸਾਰ ਸਮੂਹ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਹਰੇਕ ਗਰਭਵਤੀ ਮਹਿਲਾ ਦੀ ਹਰ ਹਾਲ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ ਤਾਂ ਕਿ ਵਿਭਾਗ ਵੱਲੋਂ ਉਪਲੱਬਧ ਕਰਵਾਈਆਂ ਜਾਂਦੀਆਂ ਸਾਰੀਆਂ ਸਹੂਲਤਾਂ ਇਨ੍ਹਾਂ ਲਾਭਪਾਤਰੀਆਂ ਨੂੰ ਮਿਲ ਸਕਣ। ਉਨ੍ਹਾਂ ਕਿਹਾ ਕਿ ਗਰਭਕਾਲ ਦੀ ਦੂਜੀ ਤਿਮਾਹੀ ਵਿੱਚ ਘੱਟੋ-ਘੱਟ ਇਕ ਵਾਰ ਜ਼ਰੂਰ ਮੈਡੀਕਲ ਸਪੈਸ਼ਲਿਸਟ ਤੋਂ ਚੈੱਕ ਕਰਵਾਇਆ ਜਾਵੇ, ਇਸ ਵਿੱਚ ਥਾਇਰਾਇਡ ਟੈਸਟ ਅਤੇ ਈ.ਸੀ.ਜੀ. ਜ਼ਰੂਰ ਕਰਵਾਈ ਜਾਵੇ ਤਾਂ ਕਿ ਉੱਚ ਜੋਖ਼ਮ ਵਾਲੇ ਜਣੇਪਿਆਂ ਦੀ ਜਲਦੀ ਪਛਾਣ ਕੀਤੀ ਜਾ ਸਕੇ। ਉੱਚ ਜੋਖਮ ਵਾਲੇ ਜਣੇਪਿਆਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਲਈ ਹਰ ਗਰਭਵਤੀ ਦੀ ਇੱਕ ਵਾਰ ਮਾਨਤਾ ਪ੍ਰਾਪਤ ਸਕੈਨ ਸੈਂਟਰ ਤੋਂ ਸਕੈਨ ਕਰਵਾਈ ਜਾਵੇ। ਏ.ਐਨ.ਐਮ. ਅਤੇ ਆਸ਼ਾ ਵਰਕਰ ਦੁਆਰਾ ਸਾਰੀਆਂ ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਢੁੱਕਵੀਂ ਨਿਗਰਾਨੀ ਰੱਖੀ ਜਾਵੇ ਅਤੇ ਵਿਭਾਗ ਵੱਲੋਂ ਮਿਲਦੀਆਂ ਸਹੂਲਤਾਂ ਉਨ੍ਹਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। 100 ਫੀਸਦੀ ਸੰਸਥਾਗਤ ਜਣੇਪੇ ਯਕੀਨੀ ਬਣਾਉਣ ਲਈ ਭਰਪੂਰ ਯਤਨ ਕੀਤੇ ਜਾਣ ਅਤੇ ਕਿਸੇ ਕੇਸ ਵਿੱਚ ਦਾਈ ਦੁਆਰਾ ਕੀਤੇ ਗਏ ਜਣੇਪੇ ਦੌਰਾਨ ਔਰਤ ਦੀ ਮੌਤ ਹੋਣ ਤੇ ਦਾਈ ਵਿਰੁੱਧ ਪਰਚਾ ਦਰਜ ਕਰਵਾਇਆ ਜਾਵੇ। ਹਰ ਗਰਭਵਤੀ ਔਰਤ ਨੂੰ ਪਰਿਵਾਰ ਨਿਯੋਜਨ ਪ੍ਰਤੀ ਸੁਚੇਤ ਕੀਤਾ ਜਾਵੇ ਕਿਉਂਕਿ ਕਈ ਵਾਰ ਘੱਟ ਵਕਫ਼ੇ ਤੇ ਗਰਭ ਧਾਰਨ ਕਰਨਾ ਵੀ ਔਰਤ ਲਈ ਖਤਰੇ ਦਾ ਸਬੱਬ ਬਣ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਇੱਕ ਅਪੀਲ ਵਿੱਚ ਇਹ ਵੀ ਕਿਹਾ ਕਿ ਹੈ ਵਿਭਾਗ ਵੱਲੋਂ ਉਪਲੱਬਧ ਕਰਵਾਈਆਂ ਜਾਂਦੀਆਂ ਮੁਫਤ ਜੱਚਾ-ਬੱਚਾ ਸੇਵਾਵਾਂ ਦਾ ਲਾਭ ਲੈਣ ਲਈ ਜਣੇਪਾ ਸਰਕਾਰੀ ਹਸਪਤਾਲਾਂ ਵਿੱਚ ਹੀ ਕਰਵਾਉਣ ਦੀ ਤਰਜੀਹ ਦੇਣ।


