ਪਾਰਲੀਮੈਂਟ ਚੋਣਾਂ ਦੌਰਾਨ ਸਾਡਾ ਮੁੱਖ ਨਿਸ਼ਾਨਾ ਫਿਰਕੂ, ਫਾਸ਼ੀਵਾਦੀ, ਕਾਰਪੋਰੇਟ ਗਠਜੋੜ ਨੂੰ ਹਰਾਉਣਾ ਰਹੇਗਾ, ਜਿਸਦੀ ਅਗਵਾਈ ਇਸ ਮੌਕੇ ਬੀ ਜੇ ਪੀ ਕਰ ਰਹੀ ਹੈ
ਮੁਕੇਰੀਆਂ ,24 ਅਪ੍ਰੈਲ, ਡੀਡੀ ਨਿਊਜ਼ਪੇਪਰ।ਪਾਰਲੀਮੈਂਟ ਚੋਣਾਂ ਦੌਰਾਨ ਸਾਡਾ ਮੁੱਖ ਨਿਸ਼ਾਨਾ ਫਿਰਕੂ, ਫਾਸ਼ੀਵਾਦੀ, ਕਾਰਪੋਰੇਟ ਗਠਜੋੜ ਨੂੰ ਹਰਾਉਣਾ ਰਹੇਗਾ, ਜਿਸਦੀ ਅਗਵਾਈ ਇਸ ਮੌਕੇ ਬੀ ਜੇ ਪੀ ਕਰ ਰਹੀ ਹੈ।” ਇਹ ਵਿਚਾਰ ਇਥੇ ਸੀਪੀਆਈ(ਐਮ) ਦੀ ਤਹਿਸੀਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਿਲ੍ਹਾ ਸਕੱਤਰ ਸਾਥੀ ਗੁਰਨੇਕ ਸਿੰਘ ਭੱਜਲ ਨੇ ਪ੍ਰਗਟ ਕੀਤੇ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਪਾਰਟੀ ਇਕ ਸੀਟ ਜਲੰਧਰ ਲੋਕ ਸਭਾ ਹਲਕੇ ਤੋਂ ਲੜ ਰਹੀ ਹੈ, ਜਿਥੇ ਰਾਸ਼ਟਰੀ ਪੱਧਰ ਤੇ ਅਧਿਆਪਕ ਆਗੂ ਰਹੇ ਸਾਥੀ ਪਰਸ਼ੋਤਮ ਲਾਲ ਬਿਲਗਾ ਉਮੀਦਵਾਰ ਹਨ। ਉਨ੍ਹਾਂ ਆਖਿਆ ਕਿ ਇਸ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕੇ ਆਦਮਪੁਰ ਵਿੱਚ ਚੋਣ ਪ੍ਰਚਾਰ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਡਿਊਟੀ ਲੱਗੀ ਹੈ। ਉਨ੍ਹਾਂ ਆਖਿਆ ਕਿ ਸਾਡੀ ਪਾਰਟੀ ਪ੍ਰਚਾਰ ਲਈ ਫੰਡ ਕਾਰਪੋਰੇਟਾਂ ਤੋਂ ਨਹੀਂ, ਸਗੋਂ ਆਮ ਲੋਕਾਂ ਤੋਂ ਇਕੱਠਾ ਕਰਦੀ ਹੈ।ਇਕ ਸਿਰਫ਼ ਸਾਡੀ ਪਾਰਟੀ ਹੈ, ਜਿਸਨੇ ਚੋਣ ਬਾਂਡ ਰਾਹੀਂ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਆਖਿਆ ਕਿ ਇਸਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਰਿਟ ਵੀ ਸੀ ਪੀ ਆਈ ਐੱਮ ਨੇ ਹੀ ਸਭ ਤੋਂ ਪਹਿਲਾਂ ਪਾਈ ਸੀ। ਉਨ੍ਹਾਂ ਆਖਿਆ ਕਿ ਸਾਰੇ ਸਾਥੀ ਚੋਣਾਂ ਲਈ ਫੰਡ ਲਈ ਅਤੇ ਭਾਜਪਾ ਨੂੰ ਹਰਾਉਣ ਲਈ ਜਨਤਕ ਮੁਹਿੰਮ ਲਾਮਬੰਦ ਕਰਨ। ਮੀਟਿੰਗ ਦੀ ਪ੍ਰਧਾਨਗੀ ਸਾਥੀ ਯਸ਼ਪਾਲ ਚਨੌਰ ਨੇ ਕੀਤੀ।
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸਭਾ ਦੇ ਤਹਿਸੀਲ ਸਕੱਤਰ ਸਾਥੀ ਆਸ਼ਾ ਨੰਦ ਨੇ ਕਿਹਾ ਕਿ ਜਿਥੇ ਫੰਡ ਕੋਟਾ ਅਤੇ ਪ੍ਰਚਾਰ ਲਈ ਲੱਗੀਆਂ ਡਿਊਟੀਆਂ ਨਿਭਾਈਆਂ ਜਾਣਗੀਆਂ, ਉਥੇ ਪਹਿਲੀ ਮਈ ਨੂੰ ਬੀ ਡੀ ਪੀ ਓ ਦਫਤਰ ਸਾਹਮਣੇ ਵੱਡਾ ਇਕੱਠ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਏਗੀ। ਉਨ੍ਹਾਂ ਆਖਿਆ ਕਿ 13 ਮਈ ਨੂੰ ਉਮੀਦਵਾਰ ਵਲੋਂ ਕਾਗਜ਼ ਦਾਖਲ ਕਰਨ ਸਮੇਂ ਤਹਿਸੀਲ ਵਿਚੋਂ ਵੱਡੀ ਗਿਣਤੀ ਸਾਥੀ ਸ਼ਾਮਲ ਹੋਣਗੇ।ਇਸ ਮੌਕੇ ਸੁਰੇਸ਼ ਚਨੌਰ, ਜਸਵੰਤ ਸਿੰਘ ਛੰਨੀ, ਰਘਬੀਰ ਸਿੰਘ ਪੰਡੋਰੀ, ਵਿਜੇ ਸਿੰਘ ਪੋਤਾ, ਧਿਆਨ ਸਿੰਘ, ਬੋਧ ਰਾਜ, ਓਮ ਪ੍ਰਕਾਸ਼, ਰਜਿੰਦਰ ਸਿੰਘ ਸਨਿਆਲ, ਕੁਲਵਿੰਦਰ ਸਿੰਘ ਨਨਸਓਤਾ, ਪੀ੍ਕਸਿਤ ਸਿੰਘ, ਜਸਵੰਤ ਸਿੰਘ ਨੰਗਲ ਆਦਿ ਹਾਜ਼ਰ ਸਨ।